ਬੀਬੀਆਂ ਦੇ ਟੀ-20 ਚੈਲੰਜ ਦਾ ਫਾਈਨਲ ਅੱਜ, ਹਰਮਨਪ੍ਰੀਤ ਤੇ ਮੰਧਾਨਾ ਵਿਚਾਲੇ ਹੋਵੇਗਾ ਖਿਤਾਬੀ ਮੁਕਾਬਲਾ
Monday, Nov 09, 2020 - 02:12 PM (IST)
ਸ਼ਾਰਜਾਹ– ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਸਾਬਕਾ ਚੈਂਪੀਅਨ ਸੁਪਰਨੋਵਾਜ਼ ਤੇ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਟ੍ਰੇਲਬਲੇਜ਼ਰਸ ਵਿਚਾਲੇ ਸੋਮਵਾਰ ਨੂੰ ਬੀਬੀਆਂ ਦੇ ਟੀ-20 ਚੈਲੰਜ ਟੂਰਨਾਮੈਂਟ ਦਾ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ।
ਸੁਪਰਨੋਵਾਜ਼ ਲਈ ਸ਼ਨੀਵਾਰ ਨੂੰ ਟ੍ਰੇਲਬਲੇਜ਼ਰਸ ਦੇ ਨਾਲ ਕਰੋ ਜਾਂ ਮਰੋ ਦਾ ਮੁਕਾਬਲਾ ਸੀ, ਜਿਸ ਵਿਚ ਸੁਪਰਨੋਵਾਜ਼ ਨੇ ਆਖਰੀ ਗੇਂਦ ਤਕ ਖਿੱਚੇ ਰੋਮਾਂਚਕ ਮੁਕਾਬਲੇ ਵਿਚ 2 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। ਸੁਪਰਨੋਵਾਜ਼ ਦੀ ਇਸ ਜਿੱਤ ਨਾਲ ਮਿਤਾਲੀ ਰਾਜ ਦੀ ਕਪਤਾਨੀ ਵਾਲੀ ਵੇਲੋਸਿਟੀ ਦੀ ਟੀਮ ਬਾਹਰ ਹੋ ਗਈ। 3 ਟੀਮਾਂ ਦੇ ਇਸ ਟੂਰਨਾਮੈਂਟ ਵਿਚ ਲੀਗ ਮੈਚਾਂ ਤੋਂ ਬਾਅਦ ਟ੍ਰੇਲਬਲੇਜ਼ਰਸ, ਸੁਪਰਨੋਵਾਜ਼ ਤੇ ਵੇਲੋਸਿਟੀ ਦੇ ਇਕ ਬਰਾਬਰ 2-2 ਅੰਕ ਰਹੇ ਪਰ ਬਿਹਤਰ ਨੈੱਟ ਰਨ ਰੇਟ ਦੇ ਆਧਾਰ ’ਤੇ ਟ੍ਰੇਲਬਲੇਜ਼ਰਸ ਤੇ ਸੁਪਰਨੋਵਾਜ਼ ਨੇ ਫਾਈਨਲ ਵਿਚ ਜਗ੍ਹਾ ਬਣਾਈ ਜਦਕਿ ਵੇਲੋਸਿਟੀ ਨੂੰ ਬਾਹਰ ਹੋਣਾ ਪਿਆ। ਵੇਲੋਸਿਟੀ ਨੂੰ ਆਪਣੇ ਦੂਜੇ ਮੈਚ ਵਿਚ ਸਿਰਫ 47 ਦੌੜਾਂ ’ਤੇ ਢੇਰ ਹੋਣ ਦਾ ਖਾਮਿਆਜ਼ਾ ਭੁਗਤਣਾ ਪਿਆ।
ਪਹਿਲੇ ਮੈਚ ਵਿਚ ਮਿਤਾਲੀ ਦੀ ਵੇਲੋਸਿਟੀ ਟੀਮ ਨੇ ਸਾਬਕਾ ਚੈਂਪੀਅਨ ਸੁਪਰਨੋਵਾਜ਼ ਨੂੰ ਹਰਾਇਆ ਸੀ। ਦੂਜੇ ਮੈਚ ਵਿਚ ਮੰਧਾਨਾ ਦੀ ਟੀਮ ਟ੍ਰੇਲਬਲੇਜ਼ਰਸ ਨੇ ਵੇਲੋਸਿਟੀ ਨੂੰ ਸਿਰਫ 47 ਦੌੜਾਂ ’ਤੇ ਢੇਰ ਕਰਕੇ ਮੁਕਾਬਲਾ 9 ਵਿਕਟਾਂ ਨਾਲ ਜਿੱਤ ਲਿਆ ਸੀ। ਤੀਜੇ ਲੀਗ ਮੈਚ ਵਿਚ ਸੁਪਰਨੋਵਾਜ਼ ਨੇ ਟ੍ਰੇਲਬਲੇਜ਼ਰਸ ਨੂੰ 5 ਵਿਕਟਾਂ ’ਤੇ 144 ਦੌੜਾਂ ’ਤੇ ਰੋਕ ਕੇ ਫਾਈਨਲ ਦੀ ਟਿਕਟ ਕਟਾ ਲਈ। ਸੁਪਰਨੋਵਾਜ਼ ਕੋਲ ਹੁਣ ਇਸ ਟੂਰਨਾਮੈਂਟ ਵਿਚ ਖਿਤਾਬੀ ਹੈਟ੍ਰਿਕ ਬਣਾਉਣ ਦਾ ਮੌਕਾ ਰਹੇਗਾ ਜਦਕਿ ਟ੍ਰੇਲਬਲੇਜ਼ਰਸ ਪਹਿਲੀ ਵਾਰ ਖਿਤਾਬ ਜਿੱਤਣ ਲਈ ਪੂਰਾ ਜ਼ੋਰ ਲਗਾਏਗੀ।
ਸੁਪਰਨੋਵਾਜ਼ ਨੇ 2018 ਦੇ ਪਹਿਲੇ ਸੈਸ਼ਨ ਵਿਚ ਟ੍ਰੇਲਬਲੇਜ਼ਰਸ ਨੂੰ 3 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਜਦਕਿ 2019 ਦੇ ਦੂਜੇ ਸੈਸ਼ਨ ਵਿਚ ਉਸ ਨੇ ਵੇਲੋਸਿਟੀ ਨੂੰ 4 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਤੀਜੇ ਸੈਸ਼ਨ ਦੇ ਫਾਈਨਲ ਵਿਚ ਸੁਪਰਨੋਵਾਜ਼ ਦੇ ਸਾਹਮਣੇ ਫਿਰ ਟ੍ਰੇਲਬਲੇਜ਼ਰਸ ਹੈ। ਦੋਵਾਂ ਵਿਚਾਲੇ ਆਖਰੀ ਲੀਗ ਮੈਚ ਦਿਲਚਸਪ ਰਿਹਾ ਸੀ ਤੇ ਦੋਵਾਂ ਵਿਚਾਲੇ ਫਾਈਨਲ ਵੀ ਰੋਮਾਂਚਕ ਹੋਣ ਦੀ ਉਮੀਦ ਹੈ। ਹਰਮਨਪ੍ਰੀਤ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿਚ ਜਿੱਤ ਤੋਂ ਉਤਸ਼ਾਹਿਤ ਨਜ਼ਰ ਆ ਰਹੀ ਸੀ ਤੇ ਉਸਦਾ ਕਹਿਣਾ ਸੀ ਕਿ ਟੀਮ ਖਿਤਾਬੀ ਹੈਟ੍ਰਿਕ ਲਈ ਉਤਰੇਗੀ। ਦੂਜੇ ਪਾਸੇ ਟ੍ਰੇਲਬਲੇਜ਼ਰਸ ਦੀ ਕਪਤਾਨ ਮੰਧਾਨਾ ਨੇ ਕਿਹਾ ਕਿ ਟੀਮ ਇਸ ਵਾਰ ਖਿਤਾਬ ਜਿੱਤ ਕੇ ਦਮ ਲਵੇਗੀ।