ਮਹਿਲਾ ਐਮਰਜਿੰਗ ਏਸ਼ੀਆ ਕੱਪ:ਮੀਂਹ ਦੀ ਭੇਟ ਚੜ੍ਹਿਆ ਸੈਮੀਫਾਈਨਲ, ਹੁਣ ਫਾਈਨਲ ’ਚ ਬੰਗਲਾਦੇਸ਼ ਨਾਲ ਖੇਡੇਗਾ ਭਾਰਤ
Wednesday, Jun 21, 2023 - 10:12 AM (IST)
ਮੋਂਗ ਕੋਕ/ਹਾਂਗਕਾਂਗ (ਭਾਸ਼ਾ)- ਭਾਰਤ ਦੀ ਅੰਡਰ-23 ਟੀਮ ਔਰਤਾਂ ਦੇ ਐਮਰਜਿੰਗ ਏਸ਼ੀਆ ਕ੍ਰਿਕਟ ਕੱਪ ਦੇ ਫਾਈਨਲ ਵਿਚ ਬੰਗਲਾਦੇਸ਼ ਨਾਲ ਭਿੜੇਗੀ, ਕਿਉਂਕਿ ਮੰਗਲਵਾਰ ਨੂੰ ਸ਼੍ਰੀਲੰਕਾ ਵਿਰੁੱਧ ਉਸਦਾ ਸੈਮੀਫਾਈਨਲ ਮੁਕਾਬਲਾ ਇਕ ਵੀ ਗੇਂਦ ਖੇਡੇ ਬਿਨਾਂ ਮੀਂਹ ਦੀ ਭੇਟ ਚੜ੍ਹ ਗਿਆ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਸੈਮੀਫਾਈਨਲ ਪਹਿਲਾਂ ਸੋਮਵਾਰ ਨੂੰ ਹੋਣਾ ਸੀ ਪਰ ਮੀਂਹ ਦੇ ਕਾਰਨ ਇਸ ਨੂੰ ਇਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ ਪਰ ਮੰਗਲਵਾਰ ਨੂੰ ਵੀ ਮੀਂਹ ਦੇ ਕਾਰਨ ਇਹ ਨਹੀਂ ਹੋ ਸਕਿਆ।
ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ ਫਾਈਨਲ ਤਕ ਸਿਰਫ ਇਕ ਹੀ ਮੈਚ ਖੇਡਿਆ ਹੈ, ਜਿਸ ਵਿਚ ਆਪਣੇ ਸ਼ੁਰੂਆਤੀ ਮੈਚ ’ਚ ਉਸ ਨੇ ਮੇਜ਼ਬਾਨ ਹਾਂਗਕਾਂਗ ਨੂੰ 9 ਵਿਕਟਾਂ ਨਾਲ ਹਰਾਇਆ ਸੀ। ਭਾਰਤ ਦੇ ਹੋਰ ਤਿੰਨ ਮੈਚ ਵੀ ਮੀਂਹ ਦੀ ਭੇਟ ਚੜ੍ਹ ਗਏ, ਜਿਨ੍ਹਾਂ ’ਚ ਇਕ ਵੀ ਗੇਂਦ ਨਹੀਂ ਸੁੱਟੀ ਗਈ ਤੇ ਇਸ ਵਿਚ ਸ਼੍ਰੀਲੰਕਾ ਵਿਰੁੱਧ ਸੈਮੀਫਾਈਨਲ ਵੀ ਸ਼ਾਮਲ ਹੈ। ਸਗੋਂ ਮੀਂਹ ਕਾਰਨ ਟੂਰਨਾਮੈਂਟ ਦੇ 8 ਮੈਚ ਨਹੀਂ ਖੇਡੇ ਜਾ ਸਕੇ। ਬੰਗਲਾਦੇਸ਼ ਨੇ ਦੂਜੇ ਸੈਮੀਫਾਈਨਲ ’ਚ ਪਾਕਿਸਤਾਨ ਨੂੰ 6 ਦੌੜਾਂ ਨਾਲ ਹਰਾਇਆ, ਜਿਸ ਨਾਲ ਉਹ ਬੁੱਧਵਾਰ ਨੂੰ ਹੋਣ ਵਾਲੇ ਫਾਈਨਲ ’ਚ ਪਹੁੰਚਿਆ।