ਮਹਿਲਾ ਏਸ਼ੀਆ ਕੱਪ 2022 : ਸ਼ੈਫਾਲੀ ਵਰਮਾ ਨੇ ਖੇਡੀ ਤੇਜ਼ ਪਾਰੀ, ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ

Saturday, Oct 08, 2022 - 06:30 PM (IST)

ਮਹਿਲਾ ਏਸ਼ੀਆ ਕੱਪ 2022 : ਸ਼ੈਫਾਲੀ ਵਰਮਾ ਨੇ ਖੇਡੀ ਤੇਜ਼ ਪਾਰੀ, ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ

ਸਿਲਹਟ : ਸ਼ੈਫਾਲੀ ਵਰਮਾ (55) ਦੇ ਅਰਧ ਸੈਂਕੜੇ ਅਤੇ ਸਮ੍ਰਿਤੀ ਮੰਧਾਨਾ (47) ਦੀ ਕਪਤਾਨੀ ਪਾਰੀ ਦੀ ਬਦੌਲਤ ਭਾਰਤ ਨੇ ਸ਼ਨੀਵਾਰ ਨੂੰ ਮਹਿਲਾ ਏਸ਼ੀਆ ਕੱਪ 2022 ਵਿੱਚ ਬੰਗਲਾਦੇਸ਼ ਨੂੰ 59 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਬੰਗਲਾਦੇਸ਼ ਦੇ ਸਾਹਮਣੇ 20 ਓਵਰਾਂ 'ਚ 160 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਦੇ ਜਵਾਬ 'ਚ ਮੇਜ਼ਬਾਨ ਟੀਮ 7 ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਹੀ ਬਣਾ ਸਕੀ।

ਨੌਜਵਾਨ ਸਨਸਨੀ ਸ਼ੈਫਾਲੀ ਨੇ 44 ਗੇਂਦਾਂ 'ਤੇ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਜਿੱਤ 'ਚ ਅਹਿਮ ਯੋਗਦਾਨ ਪਾਇਆ। ਇਸ ਦੇ ਨਾਲ ਹੀ 18 ਸਾਲ ਦੀ ਸ਼ੈਫਾਲੀ ਟੀ-20 ਇੰਟਰਨੈਸ਼ਨਲ 'ਚ 1000 ਦੌੜਾਂ ਪੂਰੀਆਂ ਕਰਨ ਵਾਲੀ ਸਭ ਤੋਂ ਘੱਟ ਉਮਰ ਦੀ ਬੱਲੇਬਾਜ਼ ਵੀ ਬਣ ਗਈ ਹੈ। ਸਮ੍ਰਿਤੀ ਨੇ ਸ਼ੈਫਾਲੀ ਦਾ ਸਾਥ ਦਿੱਤਾ ਅਤੇ 37 ਗੇਂਦਾਂ 'ਤੇ ਛੇ ਚੌਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 96 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਹ ਵੀ ਪੜ੍ਹੋ : ਫੁੱਟਬਾਲ ਦੇ ਮਹਾਨ ਖਿਡਾਰੀ Lionel Messi ਲੈਣਗੇ ਸੰਨਿਆਸ, FIFA WC ਹੋਵੇਗਾ ਆਖ਼ਰੀ ਟੂਰਨਾਮੈਂਟ

ਵਿਚਕਾਰਲੇ ਓਵਰਾਂ ਵਿੱਚ ਖਰਾਬ ਬੱਲੇਬਾਜ਼ੀ ਦੇ ਬਾਵਜੂਦ ਇਸ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਬੰਗਲਾਦੇਸ਼ ਦੇ ਸਾਹਮਣੇ 160 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖਿਆ। ਬੰਗਲਾਦੇਸ਼ ਲਈ ਰੁਮਾਨਾ ਅਹਿਮਦ ਨੇ ਤਿੰਨ ਓਵਰਾਂ ਵਿੱਚ 27 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦਕਿ ਸਲਮਾ ਖਾਤੂਨ ਨੇ ਤਿੰਨ ਓਵਰਾਂ ਵਿੱਚ 16 ਦੌੜਾਂ ਦੇ ਕੇ ਇੱਕ ਵਿਕਟ ਲਈ। ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ਾਂ ਨੇ 45 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਉਨ੍ਹਾਂ ਦੇ ਘੱਟ ਸਟ੍ਰਾਈਕ ਰੇਟ ਕਾਰਨ ਟੀਮ ਦਬਾਅ 'ਚ ਸੀ ਅਤੇ ਪਹਿਲੇ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਵੀ ਬੰਗਲਾਦੇਸ਼ੀ ਖਿਡਾਰੀ ਦਹਾਈ ਦੇ ਅੰਕੜੇ ਨੂੰ ਛੂਹ ਨਹੀਂ ਸਕਿਆ। 

ਬੰਗਲਾਦੇਸ਼ ਨੂੰ ਆਖਰੀ 10 ਓਵਰਾਂ ਵਿੱਚ 112 ਦੌੜਾਂ ਦੀ ਲੋੜ ਸੀ। ਲਗਾਤਾਰ ਵਧਦੀ ਲੋੜੀਂਦੀ ਰਨ-ਰੇਟ ਨੇ ਬੰਗਲਾਦੇਸ਼ 'ਤੇ ਦਬਾਅ ਪਾਇਆ। ਟੀਮ ਨੇ ਆਪਣੀਆਂ ਅਗਲੀਆਂ ਛੇ ਵਿਕਟਾਂ ਸਿਰਫ਼ 27 ਦੌੜਾਂ ਦੇ ਅੰਦਰ ਗੁਆ ਦਿੱਤੀਆਂ ਅਤੇ ਕਪਤਾਨ ਨਿਗਾਰ ਸੁਲਤਾਨਾ ਦੀਆਂ 36 (29) ਦੌੜਾਂ ਦੀ ਪਾਰੀ ਦੇ ਬਾਵਜੂਦ ਬੰਗਲਾਦੇਸ਼ ਦੀ ਟੀਮ 20 ਓਵਰਾਂ ਵਿੱਚ ਸਿਰਫ਼ 100 ਦੌੜਾਂ ਹੀ ਬਣਾ ਸਕੀ। ਸੁਲਤਾਨਾ ਦੀ ਜੁਝਾਰੂ ਪਾਰੀ ਵਿੱਚ ਪੰਜ ਚੌਕੇ ਸ਼ਾਮਲ ਸਨ। ਭਾਰਤ ਲਈ ਦੀਪਤੀ ਅਤੇ ਸ਼ੈਫਾਲੀ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਰੇਣੂਕਾ ਸਿੰਘ ਅਤੇ ਸਨੇਹ ਰਾਣਾ ਨੇ ਇਕ-ਇਕ ਵਿਕਟ ਹਾਸਲ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News