ਮਹਿਲਾ ਹੈਂਡਬਾਲ ਸੁਪਰ ਲੀਗ 12 ਜਨਵਰੀ ਤੋਂ

01/11/2018 4:27:18 PM

ਨਵੀਂ ਦਿੱਲੀ, (ਬਿਊਰੋ)— ਮਹਿਲਾ ਹੈਂਡਬਾਲ ਸੁਪਰ ਲੀਗ ਦਾ ਆਯੋਜਨ ਇੱਥੇ ਕਰਨੈਲ ਸਿੰਘ ਸਟੇਡੀਅਮ 'ਚ 12 ਤੋਂ 14 ਜਨਵਰੀ ਤੱਕ ਕੀਤਾ ਜਾਵੇਗਾ ਜਿਸ 'ਚ 6 ਟੀਮਾਂ ਅਤੇ ਸਾਰੇ ਦੇਸ਼ ਤੋਂ 66 ਖਿਡਾਰਨਾਂ ਹਿੱਸਾ ਲੈਣਗੀਆਂ। ਇਸ ਲੀਗ ਦਾ ਆਯੋਜਨ ਕੈਨ ਸਪੋਰਟਸ ਵਰਲਡ ਭਾਰਤੀ ਹੈਂਡਬਾਲ ਮਹਾਸੰਘ ਦੇ ਸਹਿਯੋਗ ਨਾਲ ਕਰ ਰਿਹਾ ਹੈ। ਭਾਰਤੀ ਹੈਂਡਬਾਲ ਮਹਾਸੰਘ ਦੇ ਜਨਰਲ ਸਕੱਤਰ ਆਨੰਦੇਸ਼ਵਰ ਪਾਂਡੇ ਅਤੇ ਕੈਨ ਸਪੋਰਟਸ ਵਰਲਡ ਦੇ ਐੱਮ.ਡੀ. ਕਪਿਲ ਜੈਨ ਅਤੇ ਨਿਤਿਨ ਅਗੱਰਵਾਲ ਨੇ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਲੀਗ ਲਈ 6 ਟੀਮਾਂ ਬਣਾਈਆਂ ਗਈਆਂ ਹਨ ਜਿਸ 'ਚ ਦਿੱਲੀ ਫਾਈਟਰਸ, ਯੂਪੀ ਚੈਲੰਜਰਸ, ਹਰਿਆਣਾ ਪੈਂਥਰਸ, ਜੇ. ਐਂਡ ਕੇ. ਈਗਲ, ਹਿਮਾਚਲ ਸਨੈਚਰਸ ਅਤੇ ਪੰਜਾਬ ਪੇਸਰਸ ਸ਼ਾਮਲ ਹਨ। ਆਨੰਦੇਸ਼ਵਰ ਪਾਂਡੇ ਨੇ ਦੱਸਿਆ ਕਿ ਹੈਂਡਬਾਲ ਯੂਰਪੀਅਨ ਖੇਡ ਹੈ ਜੋ ਭਾਰਤ 'ਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਿਹਾ ਹੈ ਅਤੇ ਇਹ ਲੀਗ ਇਸੇ ਦਿਸ਼ਾ 'ਚ ਇਕ ਨਵੀਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਇਸ ਲੀਗ 'ਚ ਪੂਰੇ ਦੇਸ਼ ਤੋਂ 66 ਖਿਡਾਰਨਾਂ ਹਿੱਸਾ ਲੈਣਗੀਆਂ ਜਿਸ 'ਚ ਹਰ ਟੀਮ 'ਚ 11-11 ਖਿਡਾਰਨਾਂ ਨੂੰ ਰਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 6 ਟੀਮਾਂ ਨੂੰ ਤਿੰਨ-ਤਿੰਨ ਦੇ ਦੋ ਪੂਲ 'ਚ ਵੰਡਿਆ ਜਾਵੇਗਾ ਅਤੇ ਪੂਲ ਮੈਚਾਂ ਦੇ ਬਾਅਦ 2-2 ਚੋਟੀ ਦੀਆਂ ਟੀਮਾਂ ਸੈਮੀਫਾਈਨਲ ਖੇਡਣਗੀਆਂ। ਲੀਗ 'ਚ ਕੁੱਲ 9 ਮੈਚ ਖੇਡੇ ਜਾਣਗੇ। ਖਿਡਾਰੀਆਂ ਨੂੰ ਪੰਜ-ਪੰਜ ਹਜ਼ਾਰ ਰੁਪਏ ਜੇਬ ਖਰਚੇ ਦੇ ਤੌਰ 'ਤੇ ਦਿੱਤੇ ਜਾਣਗੇ।


Related News