ਇੰਗਲੈਂਡ ਦੀ ਚੁਣੌਤੀ ਤੋੜ ਕੇ ਵਿਸ਼ਵ ਕੱਪ ''ਚ ਜੇਤੂ ਆਗਾਜ ਕਰਨ ਉਤਰੇਗਾ ਭਾਰਤ

06/23/2017 5:45:42 PM

ਇੰਗਲੈਂਡ— ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਨੂੰ ਆਈ. ਸੀ. ਸੀ. ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਮੈਚ 'ਚ ਹੀ ਕੱਲ੍ਹ ਇੱਥੇ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਅਤੇ ਮੇਜ਼ਬਾਨ ਇੰਗਲੈਂਡ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ। ਭਾਰਤ ਦਾ ਹਾਲ ਹੀ 'ਚ  ਪ੍ਰਦਰਸ਼ਨ ਚੰਗਾ ਰਿਹਾ ਹੈ। ਉਸ ਨੇ ਦੱਖਣੀ ਅਫਰੀਕਾ 'ਚ ਚਾਰ ਦੇਸ਼ਾਂ ਦੇ ਟੂਰਨਾਮੈਂਟਾਂ 'ਚ ਮੇਜ਼ਬਾਨ ਦੇਸ਼ ਨੂੰ 8 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਮਿਤਾਲੀ ਰਾਜ ਦੀ ਅਗਵਾਈ ਵਾਲੀ ਟੀਮ ਇੰਗਲੈਂਡ ਖਿਲਾਫ ਵੀ ਅਜਿਹਾ ਪ੍ਰਦਰਸ਼ਨ ਬਰਕਰਾਰ ਰੱਖ ਕੇ ਜਿੱਤ ਦੇ ਨਾਲ ਆਪਣੇ ਅਭਿਆਨ ਦਾ ਆਗਾਜ ਕਰਨ ਲਈ ਵਚਨਬੱਧ ਹੈ। ਭਾਰਤ ਅਜੇ ਤੱਕ ਕਦੇ ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ। ਉਸ ਨੇ ਇਸ ਵਾਰ ਕੁਆਲੀਫਾਇਰ ਦੇ ਜ਼ਰੀਏ ਟੂਰਨਾਮੈਂਟ 'ਚ ਭਾਗ ਲੈਣ ਵਾਲੀਆਂ 8 ਟੀਮਾਂ 'ਚ ਆਪਣਾ ਨਾਂ ਲਿਖਵਾਇਆ।

ਭਾਰਤ ਨੇ ਜੇਕਰ ਪਾਕਿਸਤਾਨ ਖਿਲਾਫ 3 ਮੈਚ ਖੇਡੇ ਹੁੰਦੇ ਤਾਂ ਉਹ ਵਿਸ਼ਵ ਕੱਪ 2017 ਦੇ ਲਈ ਸਿੱਧਾ ਕੁਆਲੀਫਾਇਰ ਕਰ ਲੈਂਦਾ ਪਰ ਆਪਣੇ ਲੰਬੇ ਵਿਰੋਧੀ ਖਿਲਾਫ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਮੈਚ ਨਹੀਂ ਖੇਡਣ ਕਾਰਨ ਉਸ ਨੂੰ 6 ਅੰਕ ਗੁਆਉਣੇ ਪਏ ਸਨ। ਭਾਰਤ ਤਾਲਿਕਾ 'ਚ 19 ਅੰਕ ਲੈ ਕੇ 5ਵੇਂ ਸਥਾਨ 'ਤੇ ਰਿਹਾ ਸੀ ਅਤੇ ਉਸ ਨੂੰ ਸ਼੍ਰੀਲੰਕਾ 'ਚ ਕੁਆਲੀਫਾਇਰ 'ਚੋਂ ਲੰਘਣਾ ਪਿਆ। ਭਾਰਤ ਉਸ 'ਚ ਵੀ ਅਜੇਤੂ ਰਿਹਾ ਸੀ ਅਤੇ ਉਸ ਨੇ ਦੱਖਣੀ ਅਫਰੀਕਾ ਖਿਲਾਫ ਰੋਮਾਂਚਕ ਫਾਈਨਲ 'ਚ ਇਕ ਵਿਕਟ ਨਾਲ ਜਿੱਤ ਦਰਜ ਕੀਤੀ ਸੀ। ਮਿਤਾਲੀ ਦੇ ਰੂਪ 'ਚ ਭਾਰਤ ਕੋਲ ਸਭ ਤੋਂ ਅਨੁਭਵੀ ਖਿਡਾਰੀ ਹੈ ਜੋ ਹਾਲ 'ਚ 100 ਵਨਡੇ 'ਚ ਆਪਣੀ ਟੀਮ ਦੀ ਅਗਵਾਈ ਕਰਨ ਵਾਲੀ ਦੁਨੀਆ ਦੀ ਤੀਜੀ ਖਿਡਾਰੀ ਬਣੀ ਸੀ। ਉਨ੍ਹਾਂ ਨੇ ਲਗਾਤਾਰ 6 ਮੈਚਾਂ 'ਚ ਅਰਧਸੈਂਕੜੇ ਬਣਾਏ ਅਤੇ ਆਪਣੀ ਇਸ ਫਾਰਮ ਨੂੰ ਉਹ ਇੱਥੇ ਵੀ ਬਰਕਰਾਰ ਰੱਖਣਾ ਚਾਹੇਗੀ। ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ ਵਿਸ਼ਵ ਕੱਪ ਅਭਿਆਸ ਮੈਚ 'ਚ ਵੀ 85 ਦੌੜਾਂ ਦੀ ਪਾਰੀ ਖੇਡੀ ਸੀ, ਜਿਸ 'ਚ ਭਾਰਤ ਨੇ 109 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਮਿਤਾਲੀ ਕੋਲ ਇਸ ਟੂਰਨਾਮੈਂਟ ਦੌਰਾਨ ਵਿਅਕਤੀਗਤ ਉਪਲਬੱਧੀ ਹਾਸਲ ਕਰਨ ਦਾ ਵੀ ਮੌਕਾ ਰਹੇਗਾ।
 


Related News