ਟੀ-20 ਵਿਸ਼ਵ ਕੱਪ : ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਅੱਜ ਆਇਰਲੈਂਡ ਨਾਲ

Wednesday, Jun 05, 2024 - 10:50 AM (IST)

ਟੀ-20 ਵਿਸ਼ਵ ਕੱਪ : ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਅੱਜ ਆਇਰਲੈਂਡ ਨਾਲ

ਨਿਊਯਾਰਕ– ਆਲੋਚਕ ਭਾਵੇਂ ਹੀ ਉਨ੍ਹਾਂ ਨੂੰ ‘ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ’ ਕਹਿਣ ਪਰ ਭਾਰਤ ਦੇ ਸੁਪਰ ਸਟਾਰ ਕ੍ਰਿਕਟਰ ਸਾਲਾਂ ਤੋਂ ਆਈ. ਸੀ. ਸੀ. ਟਰਾਫੀ ਨਾ ਜਿੱਤ ਸਕਣ ਦਾ ਸੋਕਾ ਖਤਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁਣਗੇ ਤੇ ਆਪਣੇ ਇਸ ਮਿਸ਼ਨ ਦੀ ਸ਼ੁਰੂਆਤ ਟੀ-20 ਵਿਸ਼ਵ ਕੱਪ ਵਿਚ ਬੁੱਧਵਾਰ ਨੂੰ ਆਇਰਲੈਂਡ ਵਿਰੁੱਧ ਪਹਿਲੇ ਮੈਚ ਦੇ ਰਾਹੀਂ ਕਰਨਗੇ।
ਭਾਰਤੀ ਟੀਮ ’ਚ ਅਜੇ ਵੀ ਕਈ ਅਣਸੁਲਝੇ ਸਵਾਲ ਹਨ, ਅਰਥਾਤ ਇੱਥੇ ‘ਡ੍ਰਾਪ ਇਨ’ ਪਿੱਚਾਂ ’ਤੇ ਟੀਮ ਸੁਮੇਲ ਕੀ ਰਹੇਗਾ। ਅਜੇ ਤਕ ਇੱਥੇ ਹੋਏ ਮੈਚਾਂ ਤੋਂ ਸਪੱਸ਼ਟ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਦੀ ਤਰ੍ਹਾਂ ਇੱਥੇ ਦੌੜਾਂ ਦਾ ਪਹਾੜ ਨਹੀਂ ਬਣਨ ਜਾ ਰਿਹਾ ਹੈ। ਉਸ ਤੋਂ ਵੀ ਵੱਡੀ ਚਿੰਤਾ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਦਾ ਠੱਪਾ ਹੈ।
ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਤਾਂ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹਿ ਚੁੱਕੇ ਹਨ ਪਰ ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਵਰਗੇ ‘ਦਹਾਕਿਆਂ ਵਿਚ ਇਕ’ ਮੰਨੇ ਜਾਣ ਵਾਲੇ ਕ੍ਰਿਕਟਰਾਂ ਨੇ ਅਜੇ ਤਕ ਖਿਤਾਬ ਨਹੀਂ ਜਿੱਤਿਆ ਹੈ ਤੇ ਉਹ ਇਸਦੇ ਲਈ ਬੇਤਾਬ ਹਨ। ਭਾਰਤੀ ਕ੍ਰਿਕਟ ਟੀਮ 1982 ਤੇ 1986 ਦੀ ਬ੍ਰਾਜ਼ੀਲ ਫੁੱਟਬਾਲ ਟੀਮ ਦੀ ਤਰ੍ਹਾਂ ਨਹੀਂ ਬਣਨਾ ਚਾਹੁੰਦੀ ਜਦੋਂ ਸੁਕਾਰਤ, ਜਿਕੋ, ਕਾਰੇਕਾ, ਫਾਲਕਾਓ ਤੇ ਅਲੇਮਾਓ ਵਰਗੇ ਸਿਤਾਰੇ ਵੀ ਫੀਫਾ ਵਿਸ਼ਵ ਕੱਪ ਨਹੀਂ ਜਿੱਤ ਸਕੇ ਸਨ। ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਨਰਿੰਦਰ ਮੋਦੀ ਸਟੇਡੀਅਮ ਦੇ ਡ੍ਰੈਸਿੰਗ ਰੂਮ ਦੀਆਂ ਪੌੜੀਆਂ ਚੜ੍ਹਦੇ ਹੋਏ ਕਪਤਾਨ ਰੋਹਿਤ ਸ਼ਰਮਾ ਆਪਣੇ ਹੰਝੂ ਨਹੀਂ ਰੋਕ ਸਕਿਆ ਸੀ। ਉੱਥੇ ਹੀ, 765 ਦੌੜਾਂ ਬਣਾਉਣ ਵਾਲੇ ਕੋਹਲੀ ਦੇ ਚਿਹਰੇ ’ਤੇ ਵੀ ਉਦਾਸੀ ਸਾਫ ਦੇਖੀ ਜਾ ਸਕਦੀ ਸੀ।
ਕਈ ਵਾਰ ਸਰਵਸ੍ਰੇਸ਼ਠ ਖਿਡਾਰੀ ਮਿਲ ਕੇ ਸਰਵਸ੍ਰੇਸ਼ਠ ਟੀਮ ਨਹੀਂ ਬਣਾ ਪਾਉਂਦੇ। ਭਾਰਤ ਨੇ ਆਪਣੇ ਤਜਰਬੇਕਾਰ ਖਿਡਾਰੀਆਂ ’ਤੇ ਭਰੋਸਾ ਜਤਾਇਆ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਟੀਮ ਕਈ ਵਾਰ ਆਖਰੀ ਦੋ ਅੜਿੱਕੇ ਪਾਰ ਨਹੀਂ ਕਰ ਸਕੀ ਹੈ।
37 ਸਾਲਾ ਰੋਹਿਤ ਦਾ ਇਹ ਆਖਰੀ ਵਿਸ਼ਵ ਕੱਪ ਹੈ ਤੇ ਇਹ ਲੱਗਭਗ ਤੈਅ ਹੈ ਕਿ ਉਹ ਭਾਰਤ ਵਿਚ ਹੋਣ ਵਾਲੇ ਅਗਲੇ ਟੀ-20 ਵਿਸ਼ਵ ਕੱਪ ਤੇ ਦੱਖਣੀ ਅਫਰੀਕਾ ਵਿਚ 2027 ਵਿਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤਕ ਨਹੀਂ ਖੇਡੇਗਾ।
ਦੂਜੇ ਪਾਸੇ ਆਇਰਲੈਂਡ ਦੀ ਟੀਮ ਵਿਚ ਪਾਲ ਸਟਰਲਿੰਗ, ਜੋਸ਼ ਲਿਟਿਲ, ਹੈਰੀ ਟੈਕਟਰ, ਬਾਲਬਰੀ ਵਰਗੇ ਚੰਗੇ ਟੀ-20 ਕ੍ਰਿਕਟਰ ਹਨ। ਨਾਸਾਓ ਕਾਊਂਟੀ ਮੈਦਾਨ ਦੀ ਹੌਲੀ ਤੇ ਔਸਤ ਵਿਕਟ ’ਤੇ ਭਾਰਤੀ ਟੀਮ ਆਇਰਲੈਂਡ ਦੇ ਖੱਬੇ ਹੱਥ ਦੇ ਸਪਿਨਰ ਜਾਰਜ ਡਾਕਰੇਲ ਨੂੰ ਕਿਵੇਂ ਖੇਡਦੀ ਹੈ, ਇਹ ਦੇਖਣਾ ਰੋਮਾਂਚਕ ਹੋਵੇਗਾ। ਭਾਰਤ ਨੂੰ ਫਾਇਦਾ ਇਸ ਗੱਲ ਦਾ ਹੈ ਕਿ ਉਸਦੇ ਕੋਲ ਆਇਰਲੈਂਡ ਤੋਂ ਬਿਹਤਰ ਸਪਿਨਰ ਹਨ ਹਾਲਾਂਕਿ ਬੁਮਰਾਹ ਤੋਂ ਇਲਾਵਾ ਤੇਜ਼ ਗੇਂਦਬਾਜ਼ੀ ਹਮਲਾ ਥੋੜ੍ਹਾ ਕਮਜ਼ੋਰ ਲੱਗ ਰਿਹਾ ਹੈ। ਕਈ ਵਾਰ ਬਹੁਤ ਜ਼ਿਆਦਾ ਬਦਲ ਹੋਣਾ ਵੀ ਚੰਗੀ ਸਥਿਤੀ ਨਹੀਂ ਹੁੰਦੀ ਹੈ ਤੇ ਚੋਟੀਕ੍ਰਮ ’ਤੇ ਭਾਰਤ ਦੇ ਨਾਲ ਅਜਿਹਾ ਹੀ ਹੋ ਰਿਹਾ ਹੈ। ਕਪਤਾਨ ਰੋਹਿਤ ਤੇ ਕੋਹਲੀ ਲਈ ਯਸ਼ਸਵੀ ਜਾਇਸਵਾਲ ਨੂੰ ਬਾਹਰ ਰਹਿਣਾ ਪੈ ਸਕਦਾ ਹੈ। ਰਿਸ਼ਭ ਪੰਤ ਨੇ ਅਭਿਆਸ ਮੈਚ ਵਿਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕੀਤੀ ਤੇ ਹਾਰਦਿਕ ਪੰਡਯਾ ਨੇ ਚੰਗੀ ਗੇਂਦਬਾਜ਼ੀ ਕੀਤੀ। ਪੰਡਯਾ ਨੇ ਅਭਿਆਸ ਸੈਸ਼ਨ ਵਿਚ ਕੋਹਲੀ, ਸੂਰਯਕੁਮਾਰ ਯਾਦਵ ਤੇ ਰੋਹਿਤ ਨੂੰ ਚੰਗੀ ਖਾਸੀ ਗੇਂਦਬਾਜ਼ੀ ਕੀਤੀ। ਉਹ ਪ੍ਰਤੀ ਦਿਨ ਤਿੰਨ ਓਵਰ ਵੀ ਕਰ ਸਕਦਾ ਹੈ ਤੇ ਭਾਰਤੀ ਟੀਮ ਵੱਲੋਂ ਸ਼ਿਵਮ ਦੂਬੇ ਤੇ ਇਕ ਵਾਧੂ ਸਪਿਨਰ ਨੂੰ ਉਤਾਰਿਆ ਜਾ ਸਕਦਾ ਹੈ। ਆਇਰਲੈਂਡ ਨੂੰ ਕਮਜ਼ੋਰ ਨਹੀਂ ਮੰਨਿਆ ਜਾ ਸਕਦਾ ਹੈ, ਜਿਸ ਨੇ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਨੂੰ ਉਸਦੀ ਧਰਤੀ ’ਤੇ ਹਰਾਇਆ ਸੀ। ਲਿਟਲ ਨੂੰ ਗੁਜਰਾਤ ਟਾਈਟਨਸ ਲਈ ਆਈ. ਪੀ. ਐੱਲ. ਖੇਡਣ ਦਾ ਤਜਰਬਾ ਵੀ ਹੈ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ :
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ, ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਸੰਜੂ ਸੈਮਸਨ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।
ਆਇਰਲੈਂਡ : ਪਾਲ ਸਟਰਲਿੰਗ (ਕਪਤਾਨ), ਮਾਰਕ ਅਡਾਯਰ, ਰਾਸ ਅਡਾਯਰ, ਐਂਡ੍ਰਿਊ ਬਾਲਬਰਨੀ, ਕਰਟਿਸ ਕੈਂਪਰ, ਗੈਰੇਥ ਡੇਲਾਨੀ, ਜਾਰਜ ਡਾਕਰੇਲ, ਗ੍ਰਾਹਮ ਹਿਊਮ, ਜੋਸ਼ ਲਿਟਿਲ, ਬੈਰੀ ਮੈਕਾਰਥੀ, ਨੀਲ ਰੌਕ, ਹੈਰੀ ਟੈਕਟਰ, ਲੋਰਕਨ ਟੱਕਰ, ਬੇਨ ਵ੍ਹਾਈਟ, ਕ੍ਰੇਗ ਯੰਗ।


author

Aarti dhillon

Content Editor

Related News