ਮਹਿਲਾ ਟੀ20 ਵਿਸ਼ਵ ਕੱਪ : ਅੱਜ ਹੋਵੇਗੀ ਸ਼੍ਰੀਲੰਕਾ ਦੀ ਭਾਰਤ ਨਾਲ ਟੱਕਰ

02/29/2020 2:07:31 AM

ਮੈਲਬੋਰਨ— ਸੈਮੀਫਾਈਨਲ 'ਚ ਜਗ੍ਹਾ ਤੈਅ ਹੋਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਵਿਚ ਸ਼ਨੀਵਾਰ ਇਥੇ ਸ਼੍ਰੀਲੰਕਾ ਵਿਰੁੱਧ ਹੋਣ ਵਾਲੇ ਗਰੁੱਪ-ਏ ਦੇ ਆਪਣੇ ਆਖਰੀ ਲੀਗ ਮੈਚ ਵਿਚ ਬੱਲੇਬਾਜ਼ੀ ਦੀਆਂ ਕਮੀਆਂ ਦੂਰ ਕਰਨ 'ਤੇ ਧਿਆਨ ਦੇਵੇਗੀ। ਭਾਰਤੀ ਟੀਮ ਸ਼ਾਨਦਾਰ ਫਾਰਮ 'ਚ ਹੈ। ਉਸ ਨੇ ਮੌਜੂਦਾ ਚੈਂਪੀਅਨ ਆਸਟਰੇਲੀਆ, ਬੰਗਲਾਦੇਸ਼ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਦੂਜੇ ਪਾਸੇ ਸ਼੍ਰੀਲੰਕਾ ਦੋ ਮੈਚ ਹਾਰ ਜਾਣ ਨਾਲ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਚੁੱਕਿਆ ਹੈ।
ਭਾਰਤ ਨੇ ਆਸਟਰੇਲੀਆ ਨੂੰ 17 ਦੌੜਾਂ ਨਾਲ ਤੇ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ, ਜਦਕਿ ਨਿਊਜ਼ੀਲੈਂਡ ਵਿਰੁੱਧ ਵੀਰਵਾਰ ਨੂੰ ਉਸ ਨੇ 4 ਦੌੜਾਂ ਨਾਲ ਨੇੜਲੀ ਜਿੱਤ ਦਰਜ ਕੀਤੀ ਸੀ। ਅਜਿਹੀ ਹਾਲਤ ਵਿਚ ਗਰੁੱਪ ਦੇ ਆਖਰੀ ਮੈਚ ਵਿਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਵਧੇ ਹੋਏ ਆਤਮ-ਵਿਸ਼ਵਾਸ ਨਾਲ ਉਤਰੇਗੀ ਪਰ ਭਾਰਤੀਆਂ ਲਈ ਕੁਝ ਖੇਤਰ ਚਿੰਤਾ ਦਾ ਵਿਸ਼ਾ ਹੈ ਤੇ ਅੱਗੇ ਦੇ ਸਖਤ ਮੈਚਾਂ ਤੋਂ ਪਹਿਲਾਂ ਉਹ ਉਨ੍ਹਾਂ ਤੋਂ ਪਾਰ ਪਾਉਣ ਦੀ ਕੋਸ਼ਿਸ਼ ਕਰਨਗੀਆਂ। ਪਹਿਲਾਂ ਦੇ ਤਿੰਨਾਂ ਮੈਚਾਂ ਵਿਚ ਭਾਰਤ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਿਹਾ ਹੈ। ਆਸਟਰੇਲੀਆ ਵਿਰੁੱਧ ਉਹ 132, ਬੰਗਲਾਦੇਸ਼ ਵਿਰੁੱਧ 142 ਤੇ ਨਿਊਜ਼ੀਲੈਂਡ ਵਿਰੁੱਧ 133 ਦੌੜਾਂ ਹੀ ਬਣਾ ਸਕਿਆ ਸੀ। ਬੱਲੇਬਾਜ਼ੀ ਵਿਚ ਭਾਰਤ ਅਜੇ ਤਕ 16 ਸਾਲਾ ਸ਼ੈਫਾਲੀ ਵਰਮਾ 'ਤੇ ਨਿਰਭਰ ਰਿਹਾ ਹੈ ਪਰ ਮੱਧਕ੍ਰਮ ਦੀ ਨਾਕਾਮੀ ਭਾਰਤ ਨੂੰ ਮੁਸ਼ਕਿਲ ਵਿਚ ਪਾ ਸਕਦੀ ਹੈ। ਹਰਮਨਪ੍ਰੀਤ ਤੇ ਵੇਦਾ ਕ੍ਰਿਸ਼ਣਾਮੂਰਤੀ ਵਰਗੀਆਂ ਬੱਲੇਬਾਜ਼ਾਂ ਨੂੰ ਹੁਣ ਜ਼ਿੰਮੇਵਾਰੀ ਲੈਣੀ ਪਵੇਗੀ। ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਵੀ ਅਜੇ ਤਕ ਵੱਡੀ ਪਾਰੀ ਨਹੀਂ ਖੇਡ ਸਕੀ ਹੈ।
ਸ਼ੈਫਾਲੀ ਨੇ ਹੁਣ ਤਕ 3 ਮੈਚਾਂ ਵਿਚ 114 ਦੌੜਾਂ ਬਣਾਈਆਂ ਹਨ ਪਰ ਇਨ੍ਹਾਂ ਵਿਚ ਕੋਈ ਅਰਧ ਸੈਂਕੜਾ ਸ਼ਾਮਲ ਨਹੀਂ ਹੈ। ਉਸ ਨੂੰ ਵੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਬਦਲਣ ਦੀ ਲੋੜ ਹੈ। ਕਪਤਾਨ ਹਰਮਨਪ੍ਰੀਤ ਵੀ ਆਪਣੇ ਬੱਲੇਬਾਜ਼ਾਂ ਦੀਆਂ ਅਸਫਲਤਾਵਾਂ ਤੋਂ ਨਿਰਾਸ਼ ਹੈ, ਜਿਹੜੀਆਂ ਚੰਗੀ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀਆਂ। ਉਸ ਨੇ ਨਾਕਆਊਟ ਗੇੜ ਤੋਂ ਪਹਿਲਾਂ ਬੱਲੇਬਾਜ਼ਾਂ ਨੂੰ ਇਸ ਤਰ੍ਹਾਂ ਦੀਆਂ ਗਲਤੀਆਂ ਤੋਂ ਬਚਣ ਲਈ ਕਿਹਾ ਹੈ।  ਭਾਰਤੀ ਗੇਂਦਬਾਜ਼ੀ ਹਾਲਾਂਕਿ ਪ੍ਰਭਾਵਸ਼ਾਲੀ ਰਹੀ ਹੈ। ਲੈੱਗ ਸਪਿਨਰ ਪੂਨਮ ਯਾਦਵ ਨੇ ਹੁਣ ਤਕ 8 ਵਿਕਟਾਂ ਲਈਆਂ ਹਨ, ਜਿਨ੍ਹਾਂ ਵਿਚ ਆਸਟਰੇਲੀਆ ਵਿਰੁੱਧ 19 ਦੌੜਾਂ 'ਤੇ 4 ਵਿਕਟਾਂ ਦਾ ਮੈਚ ਜੇਤੂ ਪ੍ਰਦਰਸ਼ਨ ਵੀ ਸ਼ਾਮਲ ਹੈ। ਉਸ ਨੂੰ ਰਾਜੇਸ਼ਵਰੀ ਗਾਇਕਵਾੜ, ਦੀਪਤੀ ਸ਼ਰਮਾ ਤੇ ਨੌਜਵਾਨ ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਦਾ ਚੰਗਾ ਸਹਿਯੋਗ ਮਿਲਿਆ ਹੈ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ—
ਹਰਮਨਪ੍ਰੀਤ ਕੌਰ (ਕਪਤਾਨ), ਤਾਨੀਆ ਭਾਟੀਆ, ਹਰਲੀਨ ਦਿਓਲ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼, ਵੇਦਾ ਕ੍ਰਿਸ਼ਣਾਮੂਰਤੀ, ਸਮ੍ਰਿਤੀ ਮੰਧਾਨਾ, ਸ਼ਿਖਾ ਪਾਂਡੇ, ਪੂਨਮ ਯਾਦਵ, ਅਰੁੰਧਤੀ ਰੈੱਡੀ, ਜੇਮਿਮਾ ਰੋਡ੍ਰਿਗੇਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਪੂਜਾ ਵਸਤਰਕਰ, ਰਾਧਾ ਯਾਦਵ।
ਸ਼੍ਰੀਲੰਕਾ — ਚਮਾਰੀ ਅੱਟਾਪੱਟੂ (ਕਪਤਾਨ), ਹਰਸ਼ਿਤਾ ਮਡਾਵੀ, ਨੀਲਾਕਸ਼ੀ ਡਿਸਿਲਵਾ, ਕਵਿਤਾ ਦਿਲਹਰੀ, ਅਮਾ ਕੰਚਨ, ਹੰਸਿਸਾ ਕਰੁਣਾਰਤਨੇ, ਅਚਿਨੀ ਕੁਲਸੂਰੀਆ, ਸੁਗੰਧਾ ਕੁਮਾਰੀ, ਹਸੀਨੀ ਪਰੇਰਾ, ਉਦੇਸ਼ਿਕਾ ਪ੍ਰਬੋਧਨੀ, ਸਤਿਆ ਸੰਦੀਪਨੀ, ਅਨੁਸ਼ਕਾ ਸੰਜੀਵਨੀ, ਸ਼ਸ਼ੀਕਲਾ ਸ਼੍ਰੀਵਰਧਨੇ, ਦਿਲਾਨੀ ਮੰਡੋਰਾ, ਉਮੇਸ਼ ਤਿਮਾਸਿਨੀ।


Gurdeep Singh

Content Editor

Related News