ਮਹਿਲਾ ਟੀ20 ਚੈਲੇਂਜ ਦਾ ਆਯੋਜਨ ਸੰਭਵ ਨਹੀਂ: ਬੀ.ਸੀ.ਸੀ.ਆਈ. ਸੂਤਰ
Wednesday, Apr 28, 2021 - 05:31 PM (IST)
ਨਵੀਂ ਦਿੱਲੀ (ਭਾਸ਼ਾ) : ਭਾਰਤ ਵਿਚ ਕੋਰੋਨਾ ਮਾਮਲਿਆਂ ਵਿਚ ਵਾਧੇ ਕਾਰਨ ਕਈ ਦੇਸ਼ਾਂ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਦੇਖਦੇ ਹੋਏ 3 ਟੀਮਾਂ ਦਾ ਮਹਿਲਾ ਟੀ20 ਚੈਲੇਂਜ ਹੋ ਪਾਉਣਾ ਸੰਭਵ ਨਹੀਂ ਲੱਗ ਰਿਹਾ ਹੈ, ਜੋ ਆਈ.ਪੀ.ਐਲ. ਦੌਰਾਨ ਹੀ ਹੋਣਾ ਸੀ। ਬੀ.ਸੀ.ਸੀ.ਆਈ. ਭਾਰਤੀ ਮਹਿਲਾ ਕ੍ਰਿਕਟਰਾਂ ਲਈ ਕੈਂਪ ਦੇ ਆਯੋਜਨ ਦੀ ਯੋਜਨਾ ਬਣਾ ਰਿਹਾ ਸੀ। ਭਾਰਤ ਵਿਚ ਕੋਰੋਨਾ ਸੰਕਟ ਕਾਰਨ ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਵੈਸਇੰਡੀਜ਼ ਦੇ ਕ੍ਰਿਕਟਰ ਇੱਥੇ ਨਹੀਂ ਆ ਸਕਣਗੇ।
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਸੂਤਰ ਨੇ ਦੱਸਿਆ, ‘ਭਾਰਤੀ ਖਿਡਾਰੀਆਂ ਦੇ ਇਕਾਂਤਵਾਸ ਦਾ ਮਸਲਾ ਨਹੀਂ ਹੈ ਪਰ ਇਸ ਸਮੇਂ ਕੋਈ ਵਿਦੇਸ਼ੀ ਖਿਡਾਰੀ ਭਾਰਤ ਨਹੀਂ ਆਉਣਾ ਚਾਹੁੰਦਾ। ਅਸੀਂ ਬਾਅਦ ਵਿਚ ਹਾਲਾਤ ਸੁਧਰਣ ’ਤੇ ਇਸ ਦਾ ਆਯੋਜਨ ਕਰ ਸਕਦੇ ਹਾਂ।’ ਪਿਛਲੇ ਸਾਲ ਆਈ.ਪੀ.ਐਲ. ਯੂ.ਏ.ਈ. ਵਿਚ ਖੇਡਿਆ ਗਿਆ ਸੀ। ਉਸ ਸਮੇਂ ਆਸਟ੍ਰੇਲੀਆ ਦੀ ਕਿਸੇ ਮਹਿਲਾ ਕ੍ਰਿਕਟਰ ਨੇ ਮਹਿਲਾ ਟੀ20 ਚੈਲੇਂਜ ਨਹੀਂ ਖੇਡਿਆ ਸੀ, ਕਿਉਂਕਿ ਉਹ ਬਿੱਗ ਬੈਸ਼ ਲੀਗ ਦੌਰਾਨ ਹੋਇਆ ਸੀ। ਇਕ ਹੋਰ ਸੂਤਰ ਨੇ ਕਿਹਾ, ‘ਮਹਿਲਾ ਟੀ20 ਚੈਲੇਂਜ ਦਿੱਲੀ ਵਿਚ ਹੋਣਾ ਸੀ ਪਰ ਹੁਣ ਸਾਰੇ ਦਿੱਲੀ ਜਾਣ ਤੋਂ ਡਰ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਵੀ ਨਹੀਂ ਕਿਹਾ ਜਾ ਸਕਦਾ।’