ICC ਮਹਿਲਾ ਵਨਡੇ ਰੈਂਕਿੰਗ: ਸਿਖ਼ਰ 20 ਬੱਲੇਬਾਜ਼ਾਂ ਦੀ ਸੂਚੀ ’ਚ ਪੁੱਜੀ ਪੂਨਮ ਰਾਊਤ
Tuesday, Mar 16, 2021 - 05:34 PM (IST)
ਦੁਬਈ (ਭਾਸ਼ਾ) : ਦੱਖਣੀ ਅਫਰੀਕਾ ਦੇ ਖ਼ਿਲਾਫ਼ ਮੌਜੂਦਾ ਵਨਡੇ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤ ਦੀ ਪੂਨਮ ਰਾਊਤ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਨਵੀਨਤਮ ਮਹਿਲਾ ਵਨਡੇ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਸਿਖ਼ਰ 20 ਵਿਚ ਪਹੁੰਚ ਗਈ ਹੈ। ਸੀਰੀਜ਼ ਦੇ ਪਿਛਲੇ 3 ਮੈਚਾਂ ਵਿਚ ਨਾਬਾਦ 62, 77 ਅਤੇ ਨਾਬਾਦ 104 ਦੌੜਾਂ ਦੀਆਂ ਪਾਰੀਆਂ ਖੇਡਣ ਵਾਲੀ ਰਾਊਤ 8 ਸਥਾਨਾਂ ਦੇ ਸੁਧਾਰ ਨਾਲ 18ਵੇਂ ਸਥਾਨ ’ਤੇ ਪਹੁੰਚ ਗਈ ਹੈ। ਸਲਾਮੀ ਬੱਲੇਬਾਜ਼ ਸਮਰਿਤੀ ਮੰਧਾਨਾ 7ਵੇਂ ਸਥਾਨ ਨਾਲ ਰੈਂਕਿੰਗ ਵਿਚ ਸਿਖ਼ਰ ਭਾਰਤੀ ਹੈ, ਜਦੋਂਕਿ ਕਪਤਾਨ ਮਿਤਾਲੀ ਰਾਜ 9ਵੇਂ ਸਥਾਨ ’ਤੇ ਹੈ।
ਉਪ-ਕਪਤਾਨ ਹਰਮਨਪ੍ਰੀਤ ਕੌਰ ਬੱਲੇਬਾਜ਼ਾਂ ਦੀ ਸੂਚੀ ਵਿਚ 2 ਸਥਾਨਾਂ ਦੇ ਸੁਧਾਰ ਨਾਲ 15ਵੇਂ, ਜਦੋਂਕਿ ਗੇਂਦਬਾਜ਼ਾਂ ਦੀ ਸੂਚੀ ਵਿਚ 3 ਸਥਾਨ ਉਪਰ ਚੜ੍ਹ ਕੇ 49ਵੇਂ ਸਥਾਨ ’ਤੇ ਆ ਗਈ ਹੈ। ਸੀਰੀਜ਼ ਦੇ 3 ਮੈਚਾਂ ਵਿਚ 5 ਵਿਕਟਾਂ ਲੈਣ ਵਾਲੀ ਖੱਬੇ ਹੱਥ ਦੀ ਸਪਿਨਰ ਰਾਜੇਸ਼ਵਰੀ ਗਾਇਕਵਾੜ ਚਾਰ ਸਥਾਨਾਂ ਦੇ ਸੁਧਾਰ ਨਾਲ ਗੇਂਦਬਾਜ਼ਾਂ ਦੀ ਸੂਚੀ ਵਿਚ 18ਵੇਂ ਸਥਾਨ ’ਤੇ ਆ ਗਈ ਹੈ। ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ 69ਵੇਂ ਤੋਂ 64ਵੇਂ ਸਥਾਨ ’ਤੇ ਆ ਗਈ ਹੈ। ਭਾਰਤ ਖ਼ਿਲਾਫ਼ ਸੀਰੀਜ਼ ਵਿਚ ਸ਼ਾਨਦਾਰ ਲੈਣ ਵਿਚ ਚੱਲ ਰਹੀ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲਿਜੇਲੀ ਲੀ 7 ਸਥਾਨਾਂ ਦੇ ਸੁਧਾਰ ਨਾਲ ਰੈਂਕਿੰਗ ਵਿਚ ਪਹਿਲੇ ਸਥਾਨ ’ਤੇ ਪਹੁੰਚ ਗਈ ਹੈ।
ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਟੈਮੀ ਬਿਊਮੋਂਟ ਨੂੰ ਰੈਂਕਿੰਗ ਵਿਚ ਸਿਖ਼ਰ ਸਥਾਨ ਤੋਂ ਹਟਾਉਣ ਵਾਲੀ ਲੀ ਨੇ ਇਸ ਦੌਰਾਨ (ਪਿਛਲੇ ਹਫ਼ਤੇ) 3 ਮੈਚਾਂ ਵਿਚੋਂ 4, ਨਾਬਾਦ 132 ਅਤੇ 69 ਦੌੜਾਂ ਦੀ ਸ਼ਾਨਦਾਰ ਪਾਰੀਆਂ ਖੇਡੀਆਂ। ਉਹ ਮਹਿਲਾ ਵਨਡੇ ਰੈਂਕਿੰਗ ਦੀ ਬੱਲੇਬਾਜ਼ਾਂ ਦੀ ਸੂਚੀ ਵਿਚ ਸਿਖ਼ਰ ’ਤੇ ਪਹੁੰਚਣ ਵਾਲੀ ਪਹਿਲੀ ਦੱਖਣੀ ਅਫਰੀਕੀ ਖਿਡਾਰੀ ਹੈ। ਦੱਖਣੀ ਅਫਰੀਕਾ ਦੀ ਅਯਾਬੋਂਗਾ ਖਾਕਾ ਗੇਂਦਬਾਜ਼ਾਂ ਦੀ ਸੂਚੀ ਵਿਚ ਇਕ ਸਥਾਨ ਦੇ ਸੁਧਾਰ ਨਾਲ 9ਵੇਂ ਸਥਾਨ ’ਤੇ ਪਹੁੰਚ ਗਈ ਹੈ।