ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ : ਭਾਰਤ ਦਾ ਪਹਿਲਾ ਮੈਚ ਥਾਈਲੈਂਡ ਨਾਲ

Tuesday, Sep 12, 2023 - 08:56 PM (IST)

ਰਾਂਚੀ, (ਭਾਸ਼ਾ)– ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆਈ ਚੈਂਪੀਅਨਸ ਟਰਾਫੀ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 27 ਅਕਤੂਬਰ ਨੂੰ ਥਾਈਲੈਂਡ ਵਿਰੁੱਧ ਕਰੇਗੀ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਇਸ ਪ੍ਰਤੀਯੋਗਿਤਾ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਦੇ ਅਨੁਸਾਰ ਟੂਰਨਾਮੈਂਟ ਦੀ ਸ਼ੁਰੂਆਤ ਮਲੇਸ਼ੀਆ ਤੇ ਜਾਪਾਨ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ ਜਦਕਿ ਭਾਰਤ ਦਾ ਸਾਹਮਣਾ ਪਹਿਲੇ ਦਿਨ ਹੀ ਥਾਈਲੈਂਡ ਨਾਲ ਹੋਵੇਗਾ। ਇਹ ਦਿਨ ਦਾ ਤੀਜਾ ਮੈਚ ਹੋਵੇਗਾ। 

ਇਹ ਵੀ ਪੜ੍ਹੋ : Asia Cup, IND vs SL: ਰੋਹਿਤ ਨੇ ਵਨਡੇ 'ਚ 10,000 ਦੌੜਾਂ ਕੀਤੀਆਂ ਪੂਰੀਆਂ, ਬਣਾਏ ਇਹ ਰਿਕਾਰਡ

ਏਸ਼ੀਆਈ ਚੈਂਪੀਅਨਸ ਟਰਾਫੀ ’ਚ ਦੱਖਣੀ ਕੋਰੀਆ, ਮਲੇਸ਼ੀਆ, ਥਾਈਲੈਂਡ, ਜਾਪਾਨ, ਚੀਨ ਤੇ ਭਾਰਤ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਪ੍ਰਤੀਯੋਗਿਤਾ 5 ਅਕਤੂਬਰ ਤਕ ਚੱਲੇਗੀ। ਭਾਰਤੀ ਟੀਮ ਅਜੇ ਚੰਗੀ ਫਾਰਮ ’ਚ ਹੈ। ਉਸ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਤਮਗਾ ਜਿੱਤਿਆ ਸੀ ਜਦਕਿ ਪਿਛਲੇ ਸਾਲ ਸਪੇਨ ਵਿਚ ਐੱਫ. ਆਈ. ਐੱਚ. ਹਾਕੀ ਮਹਿਲਾ ਨੇਸ਼ਨਸ ਕੱਪ ਵਿਚ ਖਿਤਾਬ ਹਾਸਲ ਕੀਤਾ ਸੀ। ਭਾਰਤ ਨੇ 2016 ਵਿਚ ਏਸ਼ੀਆਈ ਚੈਂਪੀਅਨਸ ਟਰਾਫੀ ਜਿੱਤੀ ਸੀ ਜਦਕਿ 2018 ਵਿਚ ਉਹ ਉਪ ਜੇਤੂ ਰਿਹਾ ਸੀ।

ਇਹ ਵੀ ਪੜ੍ਹੋ : ਨਿਊਜ਼ੀਲੈਂਡ ਨੇ ਵਿਸ਼ਵ ਕੱਪ ਲਈ ਕੀਤਾ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

ਭਾਰਤ ਗਰੁੱਪ ਗੇੜ ਵਿਚ ਆਪਣਾ ਆਖਰੀ ਮੈਚ 2 ਨਵੰਬਰ ਨੂੰ ਕੋਰੀਆ ਵਿਰੁੱਧ ਖੇਡੇਗਾ। ਸਾਰੀਆਂ ਟੀਮਾਂ ਨੂੰ ਇਕ ਗਰੁੱਪ ਵਿਚ ਰੱਖਿਆ ਗਿਆ ਹੈ ਤੇ ਚੋਟੀ ’ਤੇ ਰਹਿਣ ਵਾਲੀਆਂ 4 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਗਰੁੱਪ ਗੇੜ ਵਿਚੋਂ ਚੋਟੀ ’ਤੇ ਰਹਿਣ ਵਾਲੀ ਟੀਮ ਚੌਥੇ ਨੰਬਰ ਦੀ ਟੀਮ ਨਾਲ ਭਿੜੇਗੀ ਜਦਕਿ ਦੂਜਾ ਸੈਮੀਫਾਈਨਲ ਦੂਜੇ ਤੇ ਤੀਜੇ ਨੰਬਰ ਦੀ ਟੀਮ ਵਿਚਾਲੇ ਖੇਡਿਆ ਜਾਵੇਗਾ। ਇਸ ਪ੍ਰਤੀਯੋਗਿਤਾ ਦਾ ਮੌਜੂਦਾ ਚੈਂਪੀਅਨ ਜਾਪਾਨ ਹੈ ਪਰ ਇਸ ਵਾਰ ਉਸ ਨੂੰ ਕੋਰੀਆ ਤੇ ਭਾਰਤ ਤੋਂ ਸਖਤ ਟੱਕਰ ਮਿਲਣ ਦੀ ਸੰਭਾਵਨਾ ਹੈ। ਕੋਰੀਆ ਨੇ ਅਜੇ ਤਕ ਸਭ ਤੋਂ ਵੱਧ ਤਿੰਨ ਵਾਰ ਇਹ ਟਰਾਫੀ ਜਿੱਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:-  https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tarsem Singh

Content Editor

Related News