ਮੁਸਤਾਫਿਜ਼ੁਰ ਦੇ ਬਿਨਾਂ ਭਲਕੇ ਸੀ. ਐੱਸ. ਕੇ. ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ

Thursday, Apr 04, 2024 - 06:30 PM (IST)

ਮੁਸਤਾਫਿਜ਼ੁਰ ਦੇ ਬਿਨਾਂ ਭਲਕੇ ਸੀ. ਐੱਸ. ਕੇ. ਦਾ ਸਾਹਮਣਾ ਸਨਰਾਈਜ਼ਰਸ ਹੈਦਰਾਬਾਦ ਨਾਲ

ਹੈਦਰਾਬਾਦ, (ਭਾਸ਼ਾ)- ਫਾਰਮ ’ਚ ਚੱਲ ਰਹੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਤੋਂ ਬਿਨ੍ਹਾਂ ਚੇਨਈ ਸੁਪਰ ਕਿੰਗਜ਼ ਸ਼ੁੱਕਰਵਾਰ ਨੂੰ ਆਈ. ਪੀ. ਐੱਲ. ਦੇ ਮੈਚ ’ਚ ਸਨਰਾਈਜ਼ਰਸ ਹੈਦਰਾਬਾਦ ਨਾਲ ਖੇਡੇਗੀ, ਜੋ ਆਪਣਾ ਦਿਨ ਹੋਣ ’ਤੇ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਦਾ ਸਾਹਮਣਾ ਕਰਨ ਦੇ ਸਮਰੱਥ ਹੈ। ਦਿੱਲੀ ਕੈਪੀਟਲਸ ਨਾਲ ਪਿਛਲੇ ਮੈਚ ’ਚ ਹਾਰ ਝੱਲਣ ਤੋਂ ਬਾਅਦ ਚੇਨਈ ਦੀ ਟੀਮ ਜਿੱਤ ਦੀ ਰਾਹ ’ਤੇ ਪਰਤਣ ਲਈ ਉਤਰੇਗੀ। 

ਇਨੇ ਲੰਮੇ ਟੂਰਨਾਮੈਂਟ ’ਚ ਪ੍ਰਦਰਸ਼ਨ ਦੌਰਾਨ ਉਤਾਰ-ਚੜ੍ਹਾਅ ਆਉਣਾ ਲਾਜ਼ਮੀ ਹੈ। ਚੇਨਈ ਦੇ ਕਪਤਾਨ ਰਿਤੁਰਾਜ ਗਾਇਕਵਾੜ ਨੇ ਪਿਛਲੇ ਮੈਚ ’ਚ ਮਿਲੀ ਹਾਰ ਤੋਂ ਬਾਅਦ ਇਹੀ ਕਿਹਾ ਸੀ। ਉਸ ਦੇ ਸਲਾਮੀ ਜੋੜੀਦਾਰ ਰਚਿਨ ਰਵਿੰਦਰ ਨੂੰ ਹਾਲਾਂਕਿ ਘੁੰਮਦੀਆਂ ਗੇਂਦਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਹੋਵੇਗਾ, ਜਿਸ ’ਚ ਉਹ ਦਿੱਲੀ ਖਿਲਾਫ ਖੁੰਝ ਗਿਆ ਸੀ।

ਕ੍ਰਿਕਟ ਪ੍ਰੇਮੀ ਮਹਿੰਦਰ ਸਿੰਘ ਧੋਨੀ ਨੂੰ 8ਵੇਂ ਨੰਬਰ ਤੋਂ ਉੱਪਰ ਬੱਲੇਬਾਜ਼ੀ ਕਰਦੇ ਦੇਖਣਾ ਚਾਹੁੰਦੇ ਹਨ। ਉਸ ਨੇ ਪਿਛਲੇ ਮੈਚ ’ਚ ਆਪਣਾ ਪੁਰਾਣਾ ਫਿਨਿਸ਼ਰ ਫਾਰਮ ਦਿਖਾਉਂਦੇ ਹੋਏ 16 ਗੇਂਦਾਂ ’ਚ 37 ਦੌੜਾਂ ਬਣਾਈਆਂ ਸਨ। ਵੈਸੇ ਉਸ ਦੇ ਉੱਪਰ ਆਉਣ ਦਾ ਸੰਭਾਵਨਾ ਬਹੁਤ ਹੀ ਘੱਟ ਹੈ ਕਿਉਂਕਿ ਉਹ ਸ਼ਿਵਮ ਦੁਬੇ ਅਤੇ ਸਮੀਰ ਰਿਜ਼ਵੀ ਨੂੰ ਫਿਨਿਸ਼ਰ ਦੀ ਭੂਮਿਕਾ ਨਿਭਾਉਂਦੇ ਦੇਖਣਾ ਚਾਹੁੰਦਾ ਹੈ।

ਗੇਂਦਬਾਜ਼ੀ ’ਚ ਚੇਨਈ ਨੂੰ ਸੁਮੇਲ ’ਤੇ ਵਿਚਾਰ ਕਰਨਾ ਹੋਵੇਗਾ ਕਿਉਂਕਿ ਮੁਸਤਾਫਿਜ਼ੁਰ ਅਮਰੀਕਾ ਅਤੇ ਵੈਸਟਇੰਡੀਜ਼ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਵੀਜਾ ਪ੍ਰਕ੍ਰਿਰਿਆ ਪੂਰੀ ਕਰਨ ਲਈ ਬੰਗਲਾਦੇਸ਼ ਪਰਤ ਗਿਆ ਹੈ। ਅਜੇ ਤੱਕ ਮੁਸਤਾਫਿਜ਼ੁਰ ਅਤੇ ਮਥੀਸ਼ਾ ਪਥੀਰਾਣਾ ਦੀ ਜੋੜੀ ਸੀ. ਐੱਸ. ਕੇ. ਲਈ ਚੰਗਾ ਪ੍ਰਦਰਸ਼ਨ ਕਰਦੀ ਰਹੀ ਸੀ। ਮੁਸਤਾਫਿਜ਼ੁਰ ਦੀ ਜਗ੍ਹਾ ਮੁਕੇਸ਼ ਚੌਧਰੀ ਨੂੰ ਲਿਆ ਜਾ ਸਕਦਾ ਹੈ, ਜਦਕਿ ਸ਼ਾਰਦੁਲ ਠਾਕੁਰ ਨੇ ਅਜੇ ਤੱਕ ਇਕ ਵੀ ਮੈਚ ਨਹੀਂ ਖੇਡਿਆ ਹੈ। ਦੂਸਰੇ ਪਾਸੇ ਸਨਰਾਈਜ਼ਰਸ ਹੈਦਰਾਦਬਾਦ ਨੂੰ ਘਰੇਲੂ ਮੈਦਾਨ ’ਤੇ ਖੇਡਣ ਦਾ ਫਾਇਦਾ ਮਿਲੇਗਾ। ਉਸ ਦੇ ਬੱਲੇਬਾਜ਼ਾਂ ਨੇ ਮੁੰਬਈ ਖਿਲਾਫ ਦੂਸਰੇ ਮੈਚ ’ਚ ਆਈ. ਪੀ. ਐੱਲ. ਦੇ ਇਤਿਹਾਸ ਦਾ ਸਰਵਸ਼੍ਰੇਸ਼ਠ ਸਕੋਰ ਬਣਾਇਆ ਸੀ ਹਾਲਾਂਕਿ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਅਜੇ ਤੱਕ ਪ੍ਰਭਾਵਿਤ ਨਹੀਂ ਕਰ ਸਕਿਆ ਹੈ।

ਗੁਜਰਾਤ ਟਾਈਟਨਸ ਖਿਲਾਫ ਪਹਿਲੀ ਵਾਰ ਸਨਰਾਈਜ਼ਰਸ ਦੇ ਬੱਲੇਬਾਜ਼ ਨਾਕਾਮ ਰਹੇ। ਗੇਂਦਬਾਜ਼ੀ ’ਚ ਜੈਦੇਵ ਉਨਾਦਕਟ, ਮਯੰਕ ਮਾਰਕੰਡੇਯ ਅਤੇ ਭੁਵਨੇਸ਼ਵਰ ਕੁਮਾਰ ਮਹਿੰਦੇ ਸਾਬਿਤ ਹੋਏ ਹਨ। ਭੁਵਨੇਸ਼ਵਰ ਨੇ ਨਵੀਂ ਗੇਂਦ ਨਾਲ ਨਿਰਾਸ਼ ਕੀਤਾ ਹੈ ਅਤੇ 3 ਮੈਚਾਂ ’ਚ ਤਿੰਨ ਹੀ ਵਿਕਟਾਂ ਲੈ ਸਕਿਆ ਹੈ। ਕਪਤਾਨ ਪੈਟ ਕਮਿੰਸ ਨੇ 8 ਦੌੜਾਂ ਪ੍ਰਤੀ ਓਵਰ ਦੀ ਰਨ ਰੇਟ ਨਾਲ ਦੌੜਾਂ ਦਿੱਤੀਆਂ ਹਨ ਪਰ ਉਸ ਨੂੰ ਦੂਸਰੇ ਪਾਸਿਓਂ ਸਹਿਯੋਗ ਚਾਹੀਦਾ ਹੈ।

ਟੀਮਾਂ:
ਚੇਨਈ ਸੁਪਰ ਕਿੰਗਜ਼ : ਮਹਿੰਦਰ ਸਿੰਘ ਧੋਨੀ, ਮੋਈਨ ਅਲੀ, ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਸ਼ਿਵਮ ਦੂਬੇ, ਰੁਤੁਰਾਜ ਗਾਇਕਵਾੜ (ਕਪਤਾਨ), ਅਜੈ ਮੰਡਲ, ਮੁਕੇਸ਼ ਚੌਧਰੀ, ਅਜਿੰਕਿਆ ਰਹਾਣੇ, ਸ਼ੇਖ ਰਸ਼ੀਦ, ਮਿਸ਼ੇਲ ਸੈਂਟਨਰ, ਸਿਮਰਜੀਤ ਸਿੰਘ, ਨਿਸ਼ਾਂਤ ਸੋ ਸਿੰਧੂ, ਪ੍ਰਸ਼ਾਂਤ ਮਹਿਸ਼ ਤੀਕਸ਼ਾਨਾ, ਰਚਿਨ ਰਵਿੰਦਰਾ, ਸ਼ਾਰਦੁਲ ਠਾਕੁਰ, ਡੇਰਿਲ ਮਿਸ਼ੇਲ, ਸਮੀਰ ਰਿਜ਼ਵੀ, ਮੁਸਤਫਿਜ਼ੁਰ ਰਹਿਮਾਨ, ਅਵਨੀਸ਼ ਰਾਓ ਅਰਾਵਲੀ। 

ਸਨਰਾਈਜ਼ਰਜ਼ ਹੈਦਰਾਬਾਦ : ਪੈਟ ਕਮਿੰਸ (ਕਪਤਾਨ), ਅਬਦੁਲ ਸਮਦ, ਅਭਿਸ਼ੇਕ ਸ਼ਰਮਾ, ਏਡਨ ਮਾਰਕਰਮ, ਟ੍ਰੈਵਿਸ ਹੈੱਡ, ਵਾਨਿੰਦੂ ਹਸਾਰੰਗਾ, ਮਾਰਕੋ ਜੈਨਸਨ, ਰਾਹੁਲ ਤ੍ਰਿਪਾਠੀ, ਵਾਸ਼ਿੰਗਟਨ ਸੁੰਦਰ, ਗਲੇਨ ਫਿਲਿਪਸ, ਸਨਵੀਰ ਸਿੰਘ, ਹੇਨਰਿਕ ਕਲਾਸੇਨ, ਭੁਵਨੇਸ਼ਵਰ ਕੁਮਾਰ, ਮਯੰਕ ਅਗਰਵਾਲ, ਅਨਮੋਲਪ੍ਰੀਤ ਸਿੰਘ, ਮਯੰਕ ਮਾਰਕੰਡੇ, ਉਪੇਂਦਰ ਸਿੰਘ ਯਾਦਵ, ਉਮਰਾਨ ਮਲਿਕ, ਨਿਤੀਸ਼ ਕੁਮਾਰ ਰੈੱਡੀ, ਫਜ਼ਲਹਕ ਫਾਰੂਕੀ, ਸ਼ਾਹਬਾਜ਼ ਅਹਿਮਦ, ਜੈਦੇਵ ਉਨਾਦਕਟ, ਆਕਾਸ਼ ਸਿੰਘ, ਜੇ ਸੁਬਰਾਮਨੀਅਨ। 

ਮੈਚ ਸ਼ੁਰੂ ਹੋਣ ਦਾ ਸਮਾਂ: ਸ਼ਾਮ 7.30 ਵਜੇ ਤੋਂ


author

Tarsem Singh

Content Editor

Related News