ਓਕੂਹਾਰਾ ''ਤੇ ਜਿੱਤ ਨਾਲ ਸਿੰਧੂ ਸੈਮੀਫਾਈਨਲ ''ਚ

Friday, Jul 19, 2019 - 08:25 PM (IST)

ਓਕੂਹਾਰਾ ''ਤੇ ਜਿੱਤ ਨਾਲ ਸਿੰਧੂ ਸੈਮੀਫਾਈਨਲ ''ਚ

ਜਕਾਰਤਾ— ਪੰਜਵੀਂ ਸੀਡ ਭਾਰਤ ਦੀ ਪੀ. ਵੀ. ਸਿੰਧੂ ਨੇ ਸਨਸਨੀਖੇਜ਼ ਪ੍ਰਦਰਸ਼ਨ ਕਰਦਿਆਂ ਤੀਜਾ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੂਹਾਰਾ ਨੂੰ ਸ਼ੁੱਕਰਵਾਰ ਲਗਾਤਾਰ ਸੈੱਟਾਂ ਵਿਚ 21-14, 21-7 ਨਾਲ ਹਰਾ ਕੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। ਸਿੰਧੂ ਨੇ ਆਪਣੇ ਤੋਂ ਵਿਸ਼ਵ ਰੈਂਕਿੰਗ ਵਿਚ 3 ਸਥਾਨ ਉੱਪਰ ਓਕੂਹਾਰਾ ਤੋਂ ਇਹ ਮੁਕਾਬਲਾ ਸਿਰਫ 44 ਮਿੰਟ ਵਿਚ ਜਿੱਤ ਲਿਆ। ਵਿਸ਼ਵ ਰੈਂਕਿੰਗ ਵਿਚ ਪੰਜਵੇਂ ਨੰਬਰ ਦੀ ਸਿੰਧੂ ਨੇ ਇਸ ਜਿੱਤ ਨਾਲ ਦੂਜੀ ਰੈਂਕਿੰਗ ਦੀ ਓਕੂਹਾਰਾ ਵਿਰੁੱਧ ਆਪਣਾ ਕਰੀਅਰ ਰਿਕਾਰਡ 8-7 'ਤੇ ਪਹੁੰਚਾ ਦਿੱਤਾ ਹੈ। 
ਭਾਰਤੀ ਖਿਡਾਰਨ ਦਾ ਇਸ ਸਾਲ ਦਾ ਇਹ ਤੀਜਾ ਸੈਮੀਫਾਈਨਲ ਹੈ ਤੇ 2019 ਵਿਚ ਉਸ ਨੂੰ ਆਪਣੇ ਪਹਿਲੇ ਖਿਤਾਬ ਦੀ ਭਾਲ ਹੈ। ਦਿਲਚਸਪ ਹੈ ਕਿ ਸਿੰਧੂ ਨੇ ਆਪਣਾ ਆਖਰੀ ਖਿਤਾਬ 2018 ਦੇ ਅੰਤ ਵਿਚ ਵਰਲਡ ਟੂਰ ਫਾਈਨਲਸ ਦੇ ਖਿਤਾਬੀ ਮੁਕਾਬਲੇ ਵਿਚ ਓਕੂਹਾਰਾ ਨੂੰ ਹੀ ਹਰਾ ਕੇ ਜਿੱਤਿਆ ਸੀ। ਸਿੰਧੂ ਨੂੰ ਇਸ ਸਾਲ ਸਿੰਗਾਪੁਰ ਓਪਨ ਦੇ ਸੈਮੀਫਾਈਨਲ ਵਿਚ ਓਕੂਹਾਰਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਧੂ ਇਸ ਤੋਂ ਪਹਿਲਾਂ ਇੰਡੋਨੇਸ਼ੀਆ ਓਪਨ ਤੇ ਸਿੰਗਾਪੁਰ ਓਪਨ ਦੇ ਸੈਮੀਫਾਈਨਲ ਵਿਚ ਪਹੁੰਚੀ ਸੀ। 2019 ਦੇ ਪਹਿਲੇ ਫਾਈਨਲ ਵਿਚ ਪਹੁੰਚਣ ਲਈ ਸਿੰਧੂ ਦਾ ਮੁਕਾਬਲਾ ਦੂਜਾ ਦਰਜਾ ਪ੍ਰਾਪਤ ਚੀਨ ਦੀ ਚੇਨ ਯੂ ਫੇਈ ਨਾਲ ਹੋਵੇਗਾ। ਸਿੰਧੂ ਦਾ ਤੀਜੀ ਰੈਂਕਿੰਗ ਦੀ ਯੂ ਫੇਈ ਵਿਰੁੱਧ 4-3 ਦਾ ਕਰੀਅਰ ਰਿਕਾਰਡ ਹੈ। ਯੂ ਫੇਈ ਤੇ ਸਿੰਧੂ ਦਾ ਆਖਰੀ ਮੁਕਾਬਲਾ ਪਿਛਲੇ ਸਾਲ ਚਾਈਨਾ ਓਪਨ ਵਿਚ ਹੋਇਆ ਸੀ, ਜਿਸ ਵਿਚ ਯੂ ਫੇਈ ਨੇ ਜਿੱਤ ਹਾਸਲ ਕੀਤੀ ਸੀ। 
ਸਿੰਧੂ ਦੇ ਪ੍ਰਦਰਸ਼ਨ ਵਿਚ 2019 ਵਿਚ ਲਗਾਤਾਰਤਾ ਦੀ ਘਾਟ ਰਹੀ ਹੈ ਤੇ ਸਾਲ ਦੇ ਸੱਤ ਮਹੀਨਿਆਂ ਵਿਚ ਉਹ ਇਕ ਵੀ ਖਿਤਾਬ ਨਹੀਂ ਜਿੱਤ ਸਕੀ। ਸਿੰਧੂ ਇੰਡੋਨੇਸ਼ੀਆ ਮਾਸਟਰਸ ਦੇ ਕੁਆਰਟਰ ਫਾਈਨਲ, ਆਲ ਇੰਗਲੈਂਡ ਦੇ ਪਹਿਲੇ ਰਾਊਂਡ, ਇੰਡੀਆ ਓਪਨ ਦੇ ਸੈਮੀਫਾਈਨਲ, ਮਲੇਸ਼ੀਆ ਓਪਨ ਦੇ ਦੂਜੇ ਦੌਰ, ਸਿੰਗਾਪੁਰ ਓਪਨ ਦੇ ਸੈਮੀਫਾਈਨਲ, ਏਸ਼ੀਆਈ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਤੇ ਆਸਟਰੇਲੀਅਨ ਓਪਨ ਦੇ ਦੂਜੇ ਦੌਰ ਵਿਚੋਂ ਬਾਹਰ ਹੋਈ ਸੀ।


author

Gurdeep Singh

Content Editor

Related News