ਵਿਜ਼ਡਨ ਨੇ ਚੁਣੇ ''ਸਾਲ ਦੇ ਕ੍ਰਿਕਟਰ'', ਸੂਚੀ ''ਚ ਦੋ ਭਾਰਤੀ ਕ੍ਰਿਕਟਰ ਵੀ ਸ਼ਾਮਲ
Friday, Apr 22, 2022 - 12:48 PM (IST)
ਸਪੋਰਟਸ ਡੈਸਕ- ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਿਜ਼ਡਨ ਦੇ 2022 ਅੰਕ ਵਿਚ ਸਾਲ ਦੇ ਸਰਵਸ੍ਰੇਸ਼ਠ ਕ੍ਰਿਕਟਰਾਂ ਵਿਚ ਚੁਣੇ ਗਏ ਪੰਜ ਖਿਡਾਰੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਨਿਊਜ਼ੀਲੈਂਡ ਦੇ ਡੇਵੋਨ ਕਾਨਵੇ, ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਤੇ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟਰ ਡੇਨ ਵਾਨ ਨੀਕਰਕ ਦੇ ਵੀ ਨਾਂ ਹਨ। ਇੰਗਲੈਂਡ ਦੇ ਜੋ ਰੂਟ ਨੂੰ ਸਾਲ ਦਾ ਮੋਹਰੀ ਕ੍ਰਿਕਟਰ ਚੁਣਿਆ ਗਿਆ ਹੈ ਜਦਕਿ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਦੀ ਬੱਲੇਬਾਜ਼ ਲਿਜੇਲੇ ਲੀ ਨੂੰ ਮੋਹਰੀ ਮਹਿਲਾ ਕ੍ਰਿਕਟਰ ਚੁਣਿਆ ਗਿਆ ਹੈ।
ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਸਾਲ ਦਾ ਟੀ-20 ਕ੍ਰਿਕਟਰ ਚੁਣਿਆ ਗਿਆ ਹੈ। ਬੁਮਰਾਹ ਨੇ ਪਿਛਲੇ ਸੈਸ਼ਨ ਵਿਚ ਇੰਗਲੈਂਡ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਓਵਲ 'ਤੇ ਸ਼ਾਨਦਾਰ ਸਪੈੱਲ ਨਾਲ ਟੀਮ ਨੂੰ 2-1 ਨਾਲ ਬੜ੍ਹਤ ਦਿਵਾਈ ਸੀ। ਉਥੇ ਰੋਹਿਤ ਨੇ ਚਾਰ ਟੈਸਟ ਮੈਚਾਂ ਵਿਚ 52.57 ਦੀ ਔਸਤ ਨਾਲ 368 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਓਵਲ 'ਤੇ 127 ਦੌੜਾਂ ਦੀ ਪਾਰੀ ਖੇਡੀ ਸੀ।
ਰੂਟ ਨੇ ਪਿਛਲੇ ਕੈਲੰਡਰ ਸਾਲ ਵਿਚ 1708 ਦੌੜਾਂ ਬਣਾਈਆਂ ਜੋ ਕ੍ਰਿਕਟ ਦੇ ਇਤਿਹਾਸ ਵਿਚ ਇਕ ਸਾਲ ਵਿਚ ਤੀਜਾ ਸਭ ਤੋਂ ਵੱਧ ਟੈਸਟ ਦੌੜਾਂ ਦਾ ਰਿਕਾਰਡ ਹੈ। ਲੀ ਨੇ 2021 ਵਿਚ ਵਨ ਡੇ ਕ੍ਰਿਕਟ ਵਿਚ 90 ਤੋਂ ਉੱਪਰ ਦੀ ਔਸਤ ਨਾਲ ਦੌੜਾਂ ਬਣਾਈਆਂ ਸਨ ਜਿਸ ਵਿਚ ਭਾਰਤ ਖ਼ਿਲਾਫ਼ ਸੀਰੀਜ਼ ਵਿਚ ਚਾਰ ਪਾਰੀਆਂ ਵਿਚ 288 ਦੌੜਾਂ ਸ਼ਾਮਲ ਹਨ। ਰਿਜ਼ਵਾਨ ਨੇ 2021 ਵਿਚ 27 ਟੀ-20 ਵਿਚ 1329 ਦੌੜਾਂ ਬਣਾਈਆਂ ਜਿਸ ਵਿਚ ਇਕ ਸੈਂਕੜਾ ਤੇ 11 ਅਰਧ ਸੈਂਕੜੇ ਸ਼ਾਮਲ ਹਨ।