ਵਿੰਬਲਡਨ : ਗੌਫ, ਅਲਕਾਰਜ਼ ਤੇ ਮੇਦਵੇਦੇਵ ਅਗਲੇ ਦੌਰ ''ਚ ਪਹੁੰਚੇ, ਓਸਾਕਾ ਹਾਰੀ

Thursday, Jul 04, 2024 - 04:50 PM (IST)

ਵਿੰਬਲਡਨ : ਗੌਫ, ਅਲਕਾਰਜ਼ ਤੇ ਮੇਦਵੇਦੇਵ ਅਗਲੇ ਦੌਰ ''ਚ ਪਹੁੰਚੇ, ਓਸਾਕਾ ਹਾਰੀ

ਲੰਡਨ—ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਬੁੱਧਵਾਰ ਨੂੰ ਹੋਏ ਪੁਰਸ਼ ਅਤੇ ਮਹਿਲਾ ਵਰਗ 'ਚ ਕੋਕੋ ਗੌਫ, ਕਾਰਲੋਸ ਅਲਕਾਰਾਜ਼ ਅਤੇ ਡੈਨੀਅਲ ਮੇਦਵੇਦੇਵ ਜਿਥੇ ਆਪਣੇ-ਆਪਣੇ ਮੈਚ ਜਿੱਤ ਕੇ ਅਗਲੇ ਦੌਰ 'ਚ ਪਹੁੰਚ ਗਏ ਹਨ, ਇਸ ਦੇ ਨਾਲ ਹੀ ਨਾਓਮੀ ਓਸਾਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਦੀ ਦਿੱਗਜ ਟੈਨਿਸ ਖਿਡਾਰਨ ਕੋਕੋ ਗੌਫ ਨੇ ਕੱਲ੍ਹ ਰੋਮਾਨੀਆ ਦੀ ਅੰਕਾ ਟੋਡੋਨੀ ਨੂੰ ਸਿੱਧੇ ਸੈੱਟਾਂ ਵਿੱਚ ਆਸਾਨੀ ਨਾਲ ਹਰਾ ਕੇ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਮੈਚ ਦੇ ਅਗਲੇ ਦੌਰ ਵਿੱਚ ਥਾਂ ਬਣਾ ਲਈ ਹੈ। ਦੂਜਾ ਦਰਜਾ ਪ੍ਰਾਪਤ ਅਮਰੀਕਾ ਦੀ ਗੌਫ ਨੇ ਰੋਮਾਨੀਆ ਦੀ ਐਂਕਾ ਨੂੰ 6-2, 6-1 ਨਾਲ ਹਰਾਇਆ।
ਮਹਿਲਾ ਸਿੰਗਲਜ਼ ਦੇ ਹੋਰ ਮੈਚਾਂ ਵਿੱਚ ਚਾਰ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਨਾਓਮੀ ਓਸਾਕਾ ਨੂੰ ਦੂਜੇ ਦੌਰ ਵਿੱਚ 19ਵੀਂ ਰੈਂਕਿੰਗ ਦੀ ਐਮਾ ਨਵਾਰੋ ਨੇ 6-4, 6-1 ਨਾਲ ਹਰਾ ਕੇ ਮੁਕਾਬਲੇ ਵਿੱਚੋਂ ਬਾਹਰ ਕਰ ਦਿੱਤਾ। ਇਸ ਤੋਂ ਇਲਾਵਾ ਬੀਟਰਿਜ਼ ਹਦਾਦ ਮੀਆ ਨੇ ਵੀ ਮੈਗਡਾਲੇਨਾ ਫਰੇਚ ਨੂੰ 7-5, 6-3 ਨਾਲ ਹਰਾ ਕੇ ਤੀਜੇ ਦੌਰ 'ਚ ਪ੍ਰਵੇਸ਼ ਕੀਤਾ। ਦੂਜੇ ਪਾਸੇ ਪੁਰਸ਼ ਸਿੰਗਲਜ਼ ਵਿੱਚ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਜ਼ ਤਿੰਨੋਂ ਸੈੱਟਾਂ ਵਿੱਚ ਅਲੈਗਜ਼ੈਂਡਰ ਵੁਕਿਕ ਨੂੰ 7-6, 6-2, 6-2 ਨਾਲ ਹਰਾ ਕੇ ਤੀਜੇ ਦੌਰ ਵਿੱਚ ਪਹੁੰਚ ਗਏ। ਅਗਲੇ ਦੌਰ 'ਚ ਅਲਕਾਰਜ਼ ਦਾ ਸਾਹਮਣਾ 29ਵਾਂ ਦਰਜਾ ਪ੍ਰਾਪਤ ਅਮਰੀਕੀ ਖਿਡਾਰੀ ਫਰਾਂਸਿਸ ਟਿਆਫੋ ਨਾਲ ਹੋਵੇਗਾ।
ਇਕ ਹੋਰ ਮੈਚ 'ਚ ਪੰਜਵਾਂ ਦਰਜਾ ਪ੍ਰਾਪਤ ਮੇਦਵੇਦੇਵ ਨੇ ਵੀ ਸੈਂਟਰ ਕੋਰਟ 'ਤੇ ਸਖਤ ਸ਼ੁਰੂਆਤ ਕੀਤੀ। ਉਨ੍ਹਾਂ ਨੂੰ ਅਲੈਕਜ਼ੈਂਡਰ ਮੂਲਰ ਨੇ ਸਖ਼ਤ ਟੱਕਰ ਦਿੱਤੀ ਪਰ ਮੇਦਵੇਦੇਵ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 6-7(3) 7-6(4) 6-4 7-5 ਨਾਲ ਜਿੱਤ ਦਰਜ ਕੀਤੀ। ਪੁਰਸ਼ ਸਿੰਗਲਜ਼ ਵਿੱਚ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਇਟਲੀ ਦੇ ਯਾਨਿਕ ਸਿਨਰ ਨੇ ਆਪਣੇ ਹਮਵਤਨ ਮਾਟੇਓ ਬੇਰੇਟੀਨੀ ਨੂੰ ਸਖ਼ਤ ਮੁਕਾਬਲੇ ਵਿੱਚ 7-6, 7-6, 2-6, 7-6 ਨਾਲ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।


author

Aarti dhillon

Content Editor

Related News