WTC ਫਾਈਨਲ ’ਤੇ ਬੋਲੇ ਵਿਲੀਅਮਸਨ : ਭਾਰਤ ਖ਼ਿਲਾਫ਼ ਖੇਡਣਾ ‘ਵੱਡੀ ਚੁਣੌਤੀ’

05/18/2021 2:28:40 PM

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਅਗਲੇ ਮਹੀਨੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ. ) ਦੇ ਫਾਈਨਲ ’ਚ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਸਾਹਮਣਾ ਕਰਨ ਨੂੰ ਲੈ ਕੇ ਰੋਮਾਂਚਿਤ ਹਨ ਤੇ ਉਨ੍ਹਾਂ ਨੇ ਇਸ ਨੂੰ ‘ਵੱਡੀ ਚੁਣੌਤੀ’ ਕਿਹਾ ਹੈ। ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ 18 ਜੂਨ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਭਿੜਨਗੀਆਂ। ਵਿਲੀਅਮਸਨ ਨੇ ਟਵਿੱਟਰ ’ਤੇ ਆਈ. ਸੀ. ਸੀ. ਵੱਲੋਂ ਜਾਰੀ ਇਕ ਵੀਡੀਓ ’ਚ ਕਿਹਾ, ‘‘ਭਾਰਤ ਖ਼ਿਲਾਫ਼ ਖੇਡਣਾ ਇਕ ਵੱਡੀ ਚੁਣੌਤੀ ਹੈ।

PunjabKesari

ਉਨ੍ਹਾਂ ਕਿਹਾ, ‘‘ਫਾਈਨਲ ਖੇਡਣਾ ਰੋਮਾਂਚਿਤ ਹੁੰਦਾ ਹੈ ਅਤੇ ਇਸ ਨੂੰ ਜਿੱਤਣਾ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ।’’ ਚੈਂਪੀਅਨਸ਼ਿਪ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, “ਵਰਲਡ ਟੈਸਟ ਚੈਂਪੀਅਨਸ਼ਿਪ ਦੇ ਬਹੁਤ ਮੈਚ ਦਿਲਚਸਪ ਰਹੇ।” ਸਾਡੀ ਆਸਟਰੇਲੀਆ ਦੀ ਲੜੀ ਜਾਂ ਪਾਕਿਸਤਾਨ ਖਿਲਾਫ ਸਾਡੀ ਲੜੀ ਬਹੁਤ ਮੁਕਾਬਲੇ ਵਾਲੀ ਸੀ।’’

PunjabKesari

ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਮੰਨਿਆ ਕਿ ਭਾਰਤ ਕੋਲ ਚੰਗੇ ਤੇਜ਼ ਗੇਂਦਬਾਜ਼ ਹਨ, ਜੋ ਇੰਗਲੈਂਡ ਦੀਆਂ ਸਥਿਤੀਆਂ ਦੀ ਚੰਗੀ ਵਰਤੋਂ ਕਰ ਸਕਦੇ ਹਨ ਪਰ ਕਿਹਾ ਕਿ ਵਿਕਟ ਕਿਸੇ ਵੀ ਸਮੇਂ ਫਲੈਟ ਹੋ ਸਕਦੀ ਹੈ। ਉਨ੍ਹਾਂ ਕਿਹਾ, ‘‘ਭਾਰਤ ਕੋਲ ਬਹੁਤ ਤੇਜ਼ ਗੇਂਦਬਾਜ਼ ਹਨ, ਜਿਨ੍ਹਾਂ ਨੇ ਵੱਖ-ਵੱਖ ਹਾਲਤਾਂ ’ਚ ਵਧੀਆ ਪ੍ਰਦਰਸ਼ਨ ਕੀਤਾ। ਉਹ ਗੇਂਦ ਨੂੰ ਸਵਿੰਗ ਕਰ ਸਕਦੇ ਹਨ ਪਰ ਜੇ ਸੂਰਜ ਡੁੱਬ ਜਾਂਦਾ ਹੈ ਤਾਂ ਵਿਕਟ ਵੀ ਸਮਤਲ ਹੋ ਸਕਦੀ ਹੈ, ਜੋ ਉਨ੍ਹਾਂ ਦੀ ਮਦਦ ਨਹੀਂ ਕਰੇਗੀ।’’ ਵੈਗਨਰ ਨੇ ਕਿਹਾ, ‘‘ਇੰਗਲੈਂਡ ਵਿਚ ਚੀਜ਼ਾਂ ਤੇਜ਼ੀ ਨਾਲ ਬਦਲਦੀਆਂ ਹਨ, ਇਸ ਲਈ ਮੈਂ ਬਹੁਤ ਜ਼ਿਆਦਾ ਨਹੀਂ ਸੋਚ ਰਿਹਾ। ਉਨ੍ਹਾਂ ਚੀਜ਼ਾਂ ਬਾਰੇ ਕੀ ਸੋਚਣਾ ਹੈ, ਜੋ ਕੰਟਰੋਲ ’ਚ ਨਹੀਂ ਹਨ।’’ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣਾ ਇਕ ਵਧੀਆ ਤਜਰਬਾ ਹੈ। ਉਸ ਨੇ ਕਿਹਾ, ‘‘ਮੈਂ ਖੁਸ਼ ਹਾਂ ਪਰ ਮੈਚ ਦੀ ਮਹੱਤਤਾ ਦੇ ਮੱਦੇਨਜ਼ਰ ਦੂਰ ਤਕ ਨਹੀਂ ਜਾਣਾ ਚਾਹੁੰਦਾ।’’

ਇਹ ਵੀ ਪੜ੍ਹੋ : ਗੇਂਦ ਨਾਲ ਛੇੜਛਾੜ ਮਾਮਲਾ : ਗਿਲਕ੍ਰਿਸਟ ਨੇ ਆਸਟ੍ਰੇਲੀਆਈ ਕ੍ਰਿਕਟ ’ਤੇ ਲਾਏ ਗੰਭੀਰ ਦੋਸ਼

ਇੰਗਲੈਂਡ ’ਚ ਵਾਰਕਸ਼ਾਇਰ ਕਾਊਂਟੀ ਲਈ ਖੇਡ ਰਹੇ ਭਾਰਤੀ ਬੱਲੇਬਾਜ਼ ਹਨੁਮਾ ਵਿਹਾਰੀ ਨੇ ਕਿਹਾ ਕਿ ਦੇਸ਼ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣਾ ਸ਼ਾਨਦਾਰ ਤਜਰਬਾ ਹੈ। ਇਕ ਖਿਡਾਰੀ ਦੇ ਰੂਪ ਵਿਚ ਭਾਰਤ ਲਈ ਖੇਡਣਾ ਹਮੇਸ਼ਾ ਇਕ ਵਧੀਆ ਤਜਰਬਾ ਹੁੰਦਾ ਹੈ। ਨਿਊਜ਼ੀਲੈਂਡ ਦੇ ਬਹੁਤੇ ਕ੍ਰਿਕਟਰ ਬ੍ਰਿਟੇਨ ਪਹੁੰਚ ਗਏ ਹਨ, ਜਿਥੇ ਉਨ੍ਹਾਂ ਨੇ 2 ਜੂਨ ਤੋਂ ਮੇਜ਼ਬਾਨ ਟੀਮ ਖਿਲਾਫ ਦੋ ਟੈਸਟ ਮੈਚਾਂ ਦੀ ਲੜੀ ਖੇਡਣੀ ਹੈ। ਭਾਰਤੀ ਟੀਮ ਜੂਨ ਦੇ ਪਹਿਲੇ ਹਫਤੇ ਇਥੇ ਪਹੁੰਚੇਗੀ।


Manoj

Content Editor

Related News