ਸ਼ਾਰਾਪੋਵਾ ਨੂੰ ਆਸਟਰੇਲੀਅਨ ਓਪਨ ''ਚ ਵਾਈਲਡ ਕਾਰਡ

01/08/2020 7:11:33 PM

ਸਿਡਨੀ : ਵਿਸ਼ਵ ਦੀ ਸਾਬਕਾ ਨੰਬਰ-1 ਟੈਨਿਸ ਖਿਡਾਰਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ। ਜਿਥੇ ਉਹ ਸਾਲ 2008 ਵਿਚ ਚੈਂਪੀਅਨ ਰਹਿ ਚੁਕੀ ਹੈ। ਸਾਲ 2019 ਵਿਚ ਲਗਾਤਾਰ ਸੱਟਾਂ ਕਾਰਨ ਖਰਾਬ ਫਾਰਮ ਨਾਲ ਜੂੰਝ ਰਹੀ ਸ਼ਾਰਾਪੋਵਾ ਰੈਂਕਿੰਗ ਵਿਚ ਵੀ ਫਿਸਲ ਕੇ 147ਵੇਂ ਨੰਬਰ 'ਤੇ ਪਹੁੰਚ ਗਈ ਹੈ ਪਰ 32 ਸਾਲ ਦੀ ਸਟਾਰ ਟੈਨਿਸ ਖਿਡਾਰਨ ਨੂੰ ਇਸ ਸਾਲ ਦੇ ਆਸਟਰੇਲੀਅਨ ਓਪਨ ਲਈ ਵਾਈਲਡ ਕਾਰਡ ਦੇ ਜਰੀਆ ਸਿੱਧਾ ਪ੍ਰਵੇਸ਼ ਦੇ ਦਿੱਤਾ ਗਿਆ ਹੈ। ਸਾਬਕਾ ਨੰਬਰ-1 ਖਿਡਾਰਨ ਸ਼ਾਰਾਪੋਵਾ ਨੂੰ ਪਿਛਲੇ ਹਫਤੇ ਬ੍ਰਿਸਬੇਨ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਵੀ ਵਾਈਲਡ ਕਾਰਡ ਦਿੱਤਾ ਗਿਆ ਸੀ ਪਰ ਉਹ ਪਹਿਲੇ ਹੀ ਰਾਊਂਡ ਵਿਚ ਹਾਰ ਕੇ ਬਾਹਰ ਹੋ ਗਈ ਸੀ। ਇਸ ਦੇ ਬਾਵਜੂਦ ਉਹ ਮੈਲਬੌਰਨ ਪਾਰਕ ਵਿਚ ਹੋਣ ਵਾਲੇ ਗ੍ਰੈਂਡ ਸਲੈਮ ਵਿਚ ਸਟਾਰ ਖਿਡਾਰੀਆਂ ਵਿਚ ਗਿਣੀ ਜਾ ਰਹੀ ਹੈ। ਟੂਰਨਾਮੈਂਟ ਦੀ ਵੈੱਬਸਾਈਟ 'ਤੇ ਸ਼ਾਰਾਪੋਵਾ ਨੂੰ ਵਾਈਲਡ ਕਾਰਡ ਦਿੱਤੇ ਜਾਣ ਦਾ ਅਧਿਕਾਰਕ ਐਲਾਨ ਕੀਤਾ ਗਿਆ ਹੈ।

PunjabKesari

ਸ਼ਾਰਾਪੋਵਾ ਲੰਮੇ ਅਰਸੇ ਤੋਂ ਮੋਢੇ ਦੀ ਸੱਟ ਕਾਰਨ ਟੈਨਿਸ ਤੋਂ ਵੀ ਦੂਰ ਹੈ ਅਤੇ ਬ੍ਰਿਸਬੇਨ ਤੋਂ ਪਹਿਲਾਂ ਉਸ ਦਾ ਆਖਰੀ ਟੂਰਨਾਮੈਂਟ ਅਗਸਤ ਵਿਚ ਯੂ. ਐੱਸ. ਓਪਨ ਸੀ, ਜਿਸ ਵਿਚ ਉਹ ਆਪਣੀ ਮੁੱਖ-ਵਿਰੋਧੀ ਸੇਰੇਨਾ ਵਿਲੀਅਮਸ ਦੇ ਹੱਥੋਂ ਪਹਿਲੇ ਹੀ ਰਾਊਂਡ ਵਿਚ ਹਾਰ ਕੇ ਬਾਹਰ ਹੋ ਗਈ ਸੀ। ਰੂਸੀ ਖਿਡਾਰਨ ਨੇ ਸਾਲ 2003 ਵਿਚ ਆਸਟਰੇਲੀਅਨ ਓਪਨ ਵਿਚ ਡੈਬਿਊ ਕੀਤਾ ਸੀ। ਬ੍ਰਿਸਬੇਨ ਵਿਚ ਹਾਰ ਤੋਂ ਬਾਅਦ ਉਸ ਨੇ ਦੱਸਿਆ ਸੀ ਕਿ ਉਹ ਇਨਫੈਕਸ਼ਨ ਨਾਲ ਜੂੰਝ ਰਹੀ ਹੈ। ਇਸ ਲਈ ਉਸ ਵਾਸਤੇ ਖੇਡਣਾ ਆਸਾਨ ਨਹੀਂ ਹੋਵੇਗਾ ਕਿ ਉਹ ਗ੍ਰੈਂਡ ਸਲੈਮ ਵਿਚ ਕਿੰਨਾ ਟਿਕ ਪਾਉਂਦੀ ਹੈ।


Related News