WI vs IND, 3rd T20I : ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

Wednesday, Aug 03, 2022 - 01:26 AM (IST)

WI vs IND, 3rd T20I : ਭਾਰਤ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ

ਬੈਸੇਤੇਰੇ (ਸੇਂਟ ਕਿਟਸ)- ਓਪਨਰ ਸੂਰਯਕੁਮਾਰ ਯਾਦਵ (76) ਦੇ ਧਮਾਕੇਦਾਰ ਅਰਧ ਸੈਂਕੜੇ ਦੀ ਬਦੌਲਤ ਭਾਰਤ ਨੇ 5 ਮੈਚਾਂ ਦੀ ਟੀ-20 ਸੀਰੀਜ਼ ਦੇ ਤੀਜੇ ਮੁਕਾਬਲੇ ਵਿਚ ਮੇਜ਼ਬਾਨ ਵੈਸਟਇੰਡੀਜ਼ ਨੂੰ ਇਕ ਓਵਰ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ 2-1 ਦੀ ਬੜ੍ਹਤ ਹਾਸਲ ਕਰ ਲਈ। ਸੂਰਯਕੁਮਾਰ ਨੇ 44 ਗੇਂਦਾਂ ਵਿਚ 8 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 24 ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਅਜੇਤੂ 33 ਦੌੜਾਂ ਦਾ ਯੋਗਦਾਨ ਦਿੱਤਾ।

ਸ਼੍ਰੇਅਸ ਅਈਅਰ ਨੇ 27 ਗੇਂਦਾਂ ਦੀ ਪਾਰੀ ਵਿਚ 2 ਚੌਕੇ ਲਾਏ ਜਦਕਿ ਪੰਤ ਨੇ 26 ਗੇਂਦਾਂ ਦੀ ਅਜੇਤੂ ਪਾਰੀ ਵਿਚ 3 ਚੌਕੇ ਤੇ 1 ਛੱਕਾ ਲਾਇਆ। ਇਸ ਤੋਂ ਇਲਾਵਾ ਦੀਪਕ ਹੁੱਡਾ ਨੇ ਅਜੇਤੂ 10 ਦੌੜਾਂ ਦੀ ਪਾਰੀ ਖੇਡੀ।ਇਸ ਤੋਂ ਪਹਿਲਾਂ ਕਾਇਲ ਮਾਇਰਸ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਮੇਜ਼ਬਾਨ ਵੈਸਟਇੰਡੀਜ਼ ਨੇ 5 ਮੈਚਾਂ ਦੀ ਸੀਰੀਜ਼ ਦੇ ਤੀਜੇ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 5 ਵਿਕਟਾਂ ’ਤੇ 164 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਿਸ ਨੇ ਭਾਰਤੀ ਟੀਮ ਨੇ 3 ਵਿਕਟਾਂ ਗੁਆ ਕੇ 19 ਓਵਰਾਂ ਵਿਚ 165 ਦੌੜਾਂ ਬਣਾ ਕੇ ਹਾਸਲ ਕਰ ਲਿਆ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਵੇਟਲਿਫਟਰ ਠਾਕੁਰ ਨੇ ਪੁਰਸ਼ਾਂ ਦੇ 96 ਕਿਲੋ ਵਰਗ ’ਚ ਜਿੱਤਿਆ ਚਾਂਦੀ ਦਾ ਤਮਗਾ

ਕਪਤਾਨ ਰੋਹਿਤ ਸ਼ਰਮਾ ਜ਼ਖ਼ਮੀ ਹੋ ਕੇ ਬਾਹਰ : ਭਾਰਤੀ ਕਪਤਾਨ ਰੋਹਿਤ ਸ਼ਰਮਾ ਦੀ ਕਮਰ ਦੀਆਂ ਮਾਸਪੇਸ਼ੀਆਂ ਵਿਚ ਬੱਲੇਬਾਜ਼ੀ ਦੌਰਾਨ ਖਿਚਾਅ ਆ ਗਿਆ ਤੇ ਉਸ ਨੂੰ ਬਾਹਰ ਹੋਣਾ ਪਿਆ। ਰੋਹਿਤ ਨੇ ਅਲਜ਼ਾਰੀ ਜੋਸੇਫ ਨੂੰ ਇਕ ਛੱਕਾ ਤੇ ਇਕ ਚੌਕਾ ਲਾਉਣ ਤੋਂ ਬਾਅਦ ਇਕ ਦੌੜ ਲਈ ਸੀ। ਅਚਾਨਕ ਉਸਦੀ ਕਮਰ ਵਿਚ ਤਕਲੀਫ ਹੋਈ। ਭਾਰਤੀ ਟੀਮ ਦੇ ਫਿਜ਼ੀਓ ਕਮਲੇਸ਼ ਨੇ ਮੈਦਾਨ ’ਤੇ ਜਾ ਕੇ ਉਸ ਦਾ ਇਲਾਜ ਕੀਤਾ। ਕੁਝ ਮਿੰਟਾਂ ਬਾਅਦ ਰੋਹਿਤ ਸੱਟ ਕਾਰਨ ਮੈਦਾਨ ਵਿਚੋਂ ਬਾਹਰ ਹੋ ਗਿਆ। ਅਜੇ ਇਹ ਪਤਾ ਨਹੀਂ ਲੱਗਾ ਕਿ ਮਾਸਪੇਸ਼ੀਆਂ ਵਿਚ ਖਿਚਾਅ ਹੀ ਸੀ ਜਾਂ ਉਹ ਅਗਲੇ 2 ਮੈਚਾਂ ਵਿਚ ਵੀ ਨਹੀਂ ਖੇਡ ਸਕੇਗਾ। ਅਗਲੇ 2 ਮੈਚ ਫਲੋਰਿਡਾ ਵਿਚ 6 ਤੇ 7 ਅਗਸਤ ਨੂੰ ਹੋਣੇ ਹਨ।

ਦੋਵੇਂ ਦੇਸ਼ਾਂ ਦੀਆਂ ਟੀਮਾਂ 

ਭਾਰਤ :  ਰੋਹਿਤ ਸ਼ਰਮਾ (ਕਪਤਾਨ), ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਰਿਸ਼ਭ ਪੰਤ, (ਵਿਕਟਕੀਪਰ), ਹਾਰਦਿਕ ਪੰਡਯਾ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਰਵੀਚੰਦਰਨ ਅਸ਼ਵਿਨ, ਭੁਵਨੇਸ਼ਵਰ ਕੁਮਾਰ, ਆਵੇਸ਼ ਖ਼ਾਨ,ਅਰਸ਼ਦੀਪ ਸਿੰਘ।

ਵੈਸਟਇੰਡੀਜ਼ : ਬਰੈਂਡਨ ਕਿੰਗ,ਕਾਇਲ ਮੇਅਰਸ, ਨਿਕੋਲਸ ਪੂਰਨ (ਕਪਤਾਨ), ਸ਼ਿਮਰੋਨ ਹੇਟਮੀਅਰ, ਡੇਵੋਨ ਥਾਮਸ (ਵਿਕਟਕੀਪਰ), ਰੋਵਮੈਨ ਪਾਵੇਲ, ਡੋਮਿਨਿਕ ਡਰੇਕਸ, ਜੇਸਨ ਹੋਲਡਰ, ਅਕੀਲ ਹੁਸੈਨ, ਅਲਜ਼ਾਰੀ ਜੋਸਫ਼, ਓਬੇਦ ਮੈਕਕੋਏ।

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ : ਟੇਬਲ ਟੈਨਿਸ ’ਚ ਭਾਰਤੀ ਪੁਰਸ਼ ਟੀਮ ਨੇ ਜਿੱਤਿਆ ਸੋਨ ਤਮਗਾ


author

Karan Kumar

Content Editor

Related News