WI vs IND : ਧਵਨ ਦੀ ਨਜ਼ਰ ਵੱਡੀ ਪਾਰੀ ''ਤੇ, ਭਾਰਤ ਦੀ ਲੜੀ ਜਿੱਤਣ ''ਤੇ

8/14/2019 12:29:54 AM

ਪੋਰਟ ਆਫ ਸਪੇਨ- ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਲਗਾਤਾਰ 4 ਮੈਚਾਂ ਵਿਚ ਅਸਫਲ ਰਹਿਣ ਤੋਂ ਬਾਅਦ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਵੇਗਾ, ਜਦਕਿ ਭਾਰਤ ਬੁੱਧਵਾਰ ਨੂੰ ਇੱਥੇ ਵੈਸਟਇੰਡੀਜ਼ ਵਿਰੁੱਧ ਤੀਜੇ ਤੇ ਆਖਰੀ ਵਨ ਡੇ ਮੈਚ ਵਿਚ ਇਕ ਹੋਰ ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗਾ।
ਟੀ-20 ਲੜੀ ਵਿਚ 1, 23 ਤੇ 3 ਦੌੜਾਂ ਦੀਆਂ ਪਾਰੀਆਂ ਖੇਡਣ ਵਾਲਾ ਧਵਨ ਦੂਜੇ ਵਨ ਡੇ ਕੌਮਾਂਤਰੀ ਮੈਚ ਵਿਚ ਸਿਰਫ 2 ਦੌੜਾਂ ਹੀ ਬਣਾ ਸਕਿਆ ਸੀ, ਜਿਸ ਨਾਲ ਸੱਟ ਤੋਂ ਬਾਅਦ ਉਸਦੀ ਵਾਪਸੀ ਚੰਗੀ ਨਹੀਂ ਰਹੀ। ਧਵਨ ਨੂੰ ਅੰਦਰ ਆਉਂਦੀਆਂ ਗੇਂਦਾਂ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਸ ਨੂੰ ਦੋ ਵਾਰ ਤੇਜ਼ ਗੇਂਦਬਾਜ਼ ਸ਼ੈਲਡਨ ਕੋਟਰੈੱਲ ਨੇ ਆਊਟ ਕੀਤਾ। ਧਵਨ ਟੈਸਟ ਟੀਮ ਦਾ ਹਿੱਸਾ ਨਹੀਂ ਹੈ ਤੇ ਅਜਿਹੇ ਵਿਚ ਉਹ ਆਪਣੇ ਕੈਰੇਬੀਆਈ ਦੌਰੇ ਦਾ ਅੰਤ ਯਾਦਗਾਰ ਪਾਰੀ ਖੇਡ ਕੇ ਕਰਨਾ ਚਾਹੁੰਦਾ ਹੈ। ਜੇਕਰ ਉਹ ਅਜਿਹਾ ਨਹੀਂ ਕਰ ਸਕਿਆ ਤਾਂ ਉਸਦਾ ਟੀਮ ਇੰਡੀਆ ਵਿਚ ਸਥਾਨ ਬਣਿਆ ਰਹਿਣਾ ਸ਼ੱਕ ਦੇ ਘੇਰੇ ਵਿਚ ਆ ਜਾਵੇਗਾ।

PunjabKesari
ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ ਮੈਚ ਜਿੱਤ ਕੇ ਲੜੀ ਬਰਾਬਰ ਕਰਨ ਲਈ ਬੇਤਾਬ ਹੋਵੇਗੀ। ਭਾਰਤ ਨੂੰ ਹਰਾਉਣ ਲਈ ਹਾਲਾਂਕਿ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਖੇਡਣਾ ਪਵੇਗਾ। ਟੀਮ ਕੋਲ ਸ਼ਾਈ ਹੋਪ, ਸ਼ਿਮਰੋਨ ਹੈੱਟਮਾਇਰ ਤੇ ਨਿਕੋਲਸ ਪੂਰਨ ਵਰਗੇ ਪ੍ਰਤਿਭਾਸ਼ਾਲੀ ਬੱਲੇਬਾਜ਼ ਹਨ ਪਰ ਉਨ੍ਹਾਂ ਨੂੰ ਸਬਰ ਨਾਲ ਖੇਡਦੇ ਹੋਏ ਟੀਮ ਦੀਆਂ ਉਮੀਦਾਂ 'ਤੇ ਖਰਾ ਉਤਰਨਾ ਪਵੇਗਾ।
ਚੌਥੇ ਨੰਬਰ ਨੂੰ ਲੈ ਕੇ ਚੱਲ ਰਿਹੈ ਸ਼ਸ਼ੋਪੰਜ
ਭਾਰਤੀ ਟੀਮ ਵਿਚ ਚੌਥੇ ਨੰਬਰ 'ਤੇ ਜਗ੍ਹਾ ਪੱਕੀ ਕਰਨ ਨੂੰ ਲੈ ਕੇ ਸ਼ਸ਼ੋਪੰਜ ਦੀ ਸਥਿਤੀ ਚੱਲ ਰਹੀ ਹੈ। ਅਜਿਹੇ ਵਿਚ ਸ਼੍ਰੇਅਸ ਅਈਅਰ ਨੇ ਦੂਜੇ ਵਨ ਡੇ ਵਿਚ ਸ਼ਾਨਦਾਰ ਪਾਰੀ ਖੇਡ ਕੇ ਰਿਸ਼ਭ ਪੰਤ 'ਤੇ ਦਬਾਅ ਵਧਾ ਦਿੱਤਾ ਹੈ। ਪੰਤ ਨੂੰ ਟੀਮ ਮੈਨੇਜਮੈਂਟ ਵਿਸ਼ੇਸ਼ ਤੌਰ 'ਤੇ ਕਪਤਾਨ ਵਿਰਾਟ ਕੋਹਲੀ ਦਾ ਸਮਰਥਨ ਹਾਸਲ ਹੈ ਪਰ ਉਸਦੀ ਲਗਾਤਾਰ ਅਸਫਲਤਾ ਤੇ ਦੂਜੇ ਵਨ ਡੇ ਵਿਚ ਅਈਅਰ ਦੀ 68 ਗੇਂਦਾਂ ਵਿਚ 71 ਦੌੜਾਂ ਦੀ ਪਾਰੀ ਨਾਲ ਚੀਜ਼ਾਂ ਬਦਲ ਗਈਆਂ ਹਨ।

 PunjabKesari
ਪੰਤ ਨੇ ਵਧਾਈ ਚਿੰਤਾ : ਪੰਤ ਦੀ ਮਾਨਸਿਕਤਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਸ ਨੇ ਕਈ ਮੌਕਿਆਂ 'ਤੇ ਆਪਣੀਆਂ ਵਿਕਟਾਂ ਗੁਆਈਆਂ ਹਨ। ਕੋਈ ਵੀ ਟੀਮ ਇਸ ਮਹੱਤਵਪੂਰਨ ਸਥਾਨ 'ਤੇ ਸਬਰ ਨਾਲ ਖੇਡਣ ਵਾਲੇ ਬੱਲੇਬਾਜ਼ ਨੂੰ ਉਤਾਰਨਾ ਚਾਹੁੰਦੀ ਹੈ ਤੇ ਐਤਵਾਰ ਨੂੰ ਖੇਡੀ ਪਾਰੀ ਨਾਲ ਅਈਅਰ ਨੇ ਆਪਣਾ ਦਾਅਵਾ ਮਜ਼ਬੂਤ ਕੀਤਾ। ਦੂਜੇ ਵਨ ਡੇ ਵਿਚ 125 ਗੇਂਦਾਂ 'ਤੇ 120 ਦੌੜਾਂ ਦੀ ਪਾਰੀ ਖੇਡਣ ਵਾਲਾ ਕਪਤਾਨ ਕੋਹਲੀ ਵੀ ਆਪਣੀ ਫਾਰਮ ਨੂੰ ਜਾਰੀ ਰੱਖਣਾ ਚਾਹੇਗਾ।
ਸ਼ੰਮੀ ਨੂੰ ਮਿਲ ਸਕਦੈ ਆਰਾਮ : ਭੁਵਨੇਸ਼ਵਰ ਦਾ ਤੇਜ਼ ਗੇਂਦਬਾਜ਼ੀ ਜੋੜੀਦਾਰ ਮੁਹੰਮਦ ਸ਼ੰਮੀ (39 ਦੌੜਾਂ 'ਤੇ 2 ਵਿਕਟਾਂ) ਤੇ ਕੁਲਦੀਪ ਯਾਦਵ (59 ਦੌੜਾਂ 'ਤੇ 2 ਵਿਕਟਾਂ) ਨੇ ਵੀ ਦੂਜੇ ਵਨ ਡੇ ਵਿਚ 2-2 ਵਿਕਟਾਂ ਲਈਆਂ ਸਨ। ਖੱਬੇ ਹੱਥ ਦਾ ਸਪਿਨਰ ਕੁਲਦੀਪ ਹਾਲਾਂਕਿ ਦੌੜ ਗਤੀ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕਰੇਗਾ। ਟੀਮ ਜਿੱਤ ਦਰਜ ਕਰਨ ਵਾਲੀ ਆਖਰੀ ਇਲੈਵਨ ਵਿਚ ਬਦਲਾਅ ਨੂੰ ਪਹਿਲ ਨਹੀਂ ਦਿੰਦੀ ਪਰ ਕੋਹਲੀ ਆਖਰੀ ਵਨ ਡੇ ਵਿਚ ਸ਼ੰਮੀ ਨੂੰ ਆਰਾਮ ਦੇ ਸਕਦਾ ਹੈ ਤੇ ਉਸਦੀ ਜਗ੍ਹਾ ਨਵਦੀਪ ਸੈਣੀ ਨੂੰ ਮੌਕਾ ਦੇ ਸਕਦਾ ਹੈ।
ਭੁਵੀ ਤੋਂ ਵੀ ਹਨ ਉਮੀਦਾਂ : ਧਵਨ, ਰੋਹਿਤ ਸ਼ਰਮਾ ਤੇ ਪੰਤ ਦੇ ਜਲਦ ਆਊਟ ਹੋਣ ਤੋਂ ਬਾਅਦ ਕੋਹਲੀ ਨੇ ਆਈਅਰ ਨਾਲ ਮਿਲ ਕੇ ਦੂਜੇ ਵਨ ਡੇ ਵਿਚ ਪਾਰੀ ਨੂੰ ਸੰਵਾਰਿਆ ਸੀ। ਭੁਵਨੇਸ਼ਵਰ ਕੁਮਾਰ ਨੇ ਪਿਛਲੇ ਮੈਚ ਵਿਚ 8 ਓਵਰਾਂ ਵਿਚ 31 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ ਤੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਤੇ ਟੀਮ ਇੰਡੀਆ ਨੂੰ ਉਸ ਤੋਂ ਇਕ ਵਾਰ ਫਿਰ ਅਜਿਹੇ ਪ੍ਰਦਰਸ਼ਨ ਨੂੰ ਦੁਹਾਰਉਣ ਦੀ ਉਮੀਦ ਹੋਵੇਗੀ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਕੇਦਾਰ ਜਾਧਵ, ਮੁਹੰਮਦ ਸ਼ੰਮੀ, ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਤੇ ਨਵਦੀਪ ਸੈਣੀ। 
ਵੈਸਟਇੰਡੀਜ਼ - ਜੈਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਜਾਨ ਕੈਂਪੇਬੈੱਲ, ਐਵਿਨ ਲੂਈਸ, ਸ਼ਾਈ ਹੋਪ, ਸ਼ਿਮਰੋਨ ਹੈੱਟਮਾਇਰ, ਨਿਕੋਲਸ ਪੂਰਨ, ਰੋਸਟਨ ਚੇਜ਼, ਫੈਬਿਆਨੋ ਐਲਨ, ਕਾਰਲੋਸ ਬ੍ਰੈੱਥਵੇਟ, ਕੀਮੋ ਪੌਲ, ਸ਼ੈਲਡਨ ਕੋਟਰੈੱਲ, ਓਸ਼ੇਨ ਥਾਮਸ ਤੇ ਕੇਮਰ ਰੋਚ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh