ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ

Thursday, Dec 07, 2023 - 01:54 PM (IST)

ਟੀ-20 ਦਾ ਕਪਤਾਨ ਕੌਣ? 3 ਦਾਅਵੇਦਾਰ ਖੜ੍ਹੇ, ਕਿਸ ’ਤੇ ਲੱਗੇਗੀ ਮੋਹਰ, BCCI ਦੁਚਿੱਤੀ ’ਚ

ਸਪੋਰਟਸ ਡੈਸਕ : ਹਾਰਦਿਕ ਪੰਡਯਾ ਦੇ ਜ਼ਖ਼ਮੀ ਹੋਣ ਤੋਂ ਬਾਅਦ ਤੋਂ ਬੀ. ਸੀ. ਸੀ.ਆਈ. ਸਾਹਮਣੇ ਟੀ-20 ਵਿਸ਼ਵ ਕੱਪ 2024 ਲਈ ਹੁਣ ਤੋਂ ਹੀ ਕਪਤਾਨ ਚੁਣਨ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਦੱਖਣੀ ਅਫਰੀਕਾ ਦੌਰੇ ’ਤੇ ਸਫੈਦ ਗੇਂਦ ਦੀ ਕ੍ਰਿਕਟ ਦੀ ਕਮਾਨ ਸੰਭਾਲਣ ਤੋਂ ਇਨਕਾਰ ਕਰਨ ਵਾਲੇ ਰੋਹਿਤ ਸ਼ਰਮਾ ਦੇ ਬਾਰੇ ਵਿਚ ਖਬਰਾਂ ਸਾਹਮਣੇ ਆਈਆਂ ਹਨ ਕਿ ਉਸ ਨੇ ਬੀ. ਸੀ. ਸੀ.ਆਈ. ਨੂੰ ਉਸ ਨੂੰ ਟੀ-20 ਵਿਸ਼ਵ ਕੱਪ ਲਈ ਬਤੌਰ ਕਪਤਾਨ ਆਪਣਾ ਸਟੈਂਡ ਸਾਫ ਕਰਨ ਦੀ ਅਪੀਲ ਕੀਤੀ ਹੈ। ਬੀ. ਸੀ. ਸੀ. ਆਈ. ਸੂਤਰਾਂ ਦਾ ਕਹਿਣਾ ਹੈ ਕਿ ਰੋਹਿਤ ਬੋਰਡ ਮੈਂਬਰਾਂ ਤੋਂ ਜਾਣਨਾ ਚਾਹੁੰਦਾ ਹੈ ਕਿ ਜੇਕਰ ਉਸਦਾ ਨਾਂ ਬਤੌਰ ਕਪਤਾਨ ਲਿਆ ਜਾ ਰਿਹਾ ਹੈ ਤਾਂ ਉਸ ਨੂੰ ਦੱਸਿਆ ਜਾਵੇ ਪਰ ਬੀ. ਸੀ. ਸੀ. ਆਈ. ਰੋਹਿਤ ਦੇ ਇਕ ਸਾਲ ਤੋਂ ਟੀ-20 ਕ੍ਰਿਕਟ ਤੋਂ ਦੂਰ ਰਹਿਣ, ਹਾਰਦਿਕ ਪੰਡਯਾ ਦੇ ਜ਼ਖ਼ਮੀ ਹੋਣ ਤੇ ਆਸਟ੍ਰੇਲੀਆ ਵਿਰੁੱਧ ਬਤੌਰ ਕਪਤਾਨ ਸੂਰਯਕੁਮਾਰ ਯਾਦਵ ਦੇ ਵਧੀਆ ਪ੍ਰਦਰਸ਼ਨ ਕਰਨ ਤੋਂ ਬਾਅਦ ਆਖਰੀ ਫ਼ੈਸਲਾ ਲੈਣ ਵਿੱਚ ਝਿਜਕ ਮਹਿਸੂਸ ਕਰ ਰਿਹਾ ਹੈ। ਬੋਰਡ ਨੇ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਹੋਈ ਰੀਵਿਊ ਮੀਟਿੰਗ ਵਿੱਚ ਰੋਹਿਤ ਨੂੰ ਦੱਖਣੀ ਅਫਰੀਕਾ ਦੌਰੇ ’ਤੇ ਸਫੈਦ ਗੇਂਦ ਦੀ ਕਪਤਾਨੀ ਕਰਨ ਨੂੰ ਕਿਹਾ ਸੀ ਪਰ ਭਾਰਤੀ ਧਾਕੜ ਨੇ ਬ੍ਰੇਕ ਮੰਗ ਲਈ ਸੀ। ਹੁਣ ਜਦੋਂ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਬਾਕੀ ਬਚੇ 6 ਮੁਕਾਬਲਿਆਂ ਵਿੱਚ ਉਸ ਦਾ ਖੇਡਣਾ ਸ਼ੱਕੀ ਹੈ ਤਾਂ ਬੀ. ਸੀ. ਸੀ. ਆਈ. ’ਤੇ ਜਲਦ ਤੋਂ ਜਲਦ ਕਪਤਾਨ ਚੁਣਨ ਦਾ ਦਬਾਅ ਬਣ ਗਿਆ ਹੈ। ਕਪਤਾਨੀ ਲਈ ਹੁਣ ਬੋਰਡ ਸਾਹਮਣੇ 3 ਹੀ ਦਾਅਵੇਾਦਰ ਹਨ।
ਉਹ ਗੱਲਾਂ ਜਿਹੜੀਆਂ ਹਿਟਮੈਨ ਦੇ ਰਾਹ ’ਚ ਬਣ ਰਹੀਆਂ ਨੇ ਰੋੜਾ
ਯੰਗਸਟਰ ਉੱਭਰੇ : ਰੋਹਿਤ ਲੰਬੇ ਸਮੇਂ ਤੋਂ ਟੀ-20 ਟੀਮ ਵਿੱਚੋਂ ਬਾਹਰ ਹੈ। ਉਸਦੀ ਗੈਰ-ਹਾਜ਼ਰੀ ਵਿੱਚ ਭਾਰਤ ਨੇ ਟਾਪ ਆਰਡਰ ਵਿੱਚ ਕਈ ਨੌਜਵਾਨ ਖਿਡਾਰੀਆਂ ਨੂੰ ਅਜਮਾਇਆ ਹੈ। ਸ਼ੁਭਮਨ ਗਿੱਲ, ਯਸ਼ਸਵੀ ਜਾਇਸਵਾਲ, ਰੁਤੂਰਾਜ ਗਾਇਕਵਾੜ ਤੇ ਇਸ਼ਾਨ ਕਿਸ਼ਨ ਨੇ ਇੱਥੇ ਰੋਹਿਤ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।

ਇਹ ਵੀ ਪੜ੍ਹੋ-ਰਵੀ ਬਿਸ਼ਨੋਈ ਨੇ ਕੀਤਾ ਕਮਾਲ, ICC ਟੀ-20 ਰੈਂਕਿੰਗ 'ਚ ਬਣੇ ਨੰਬਰ ਇਕ ਗੇਂਦਬਾਜ਼
ਟੈਸਟ ਸੀਰੀਜ਼ ਖੇਡੇਗਾ : ਰੋਹਿਤ ਦੱਖਣੀ ਅਫਰੀਕਾ ਦੌਰੇ ’ਤੇ ਸਫੈਦ ਗੇਂਦ ਦੀ ਸੀਰੀਜ਼ ਨਹੀਂ ਖੇਡੇਗਾ। ਉਹ 25 ਜਨਵਰੀ ਤੋਂ ਹੈਦਰਾਬਾਦ ਵਿਚ ਇੰਗਲੈਂਡ ਵਿਰੁੱਧ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਉਤਰੇਗਾ। ਇਸਦੇ ਕਾਰਨ ਉਸਦਾ ਅਫਗਾਨਿਸਤਾਨ ਵਿਰੁੱਧ 11 ਤੋਂ 17 ਜਨਵਰੀ ਤਕ ਹੋਣ ਵਾਲੀ ਟੀ-20 ਸੀਰੀਜ਼ ਵਿੱਚ ਉਤਰਨਾ ਮੁਸ਼ਕਿਲ ਹੈ। ਜੇਕਰ ਇਹ ਸੀਰੀਜ਼ ਵੀ ਨਿਕਲ ਗਈ ਤਾਂ 18 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਾਅਦ ਰੋਹਿਤ ਨੂੰ ਅਚਾਨਕ ਵਿਸ਼ਵ ਕੱਪ ਲਈ ਕਪਤਾਨ ਬਣਾਉਣਾ ਸਹੀ ਨਹੀਂ ਹੋਵੇਗਾ।
ਮੈਕਕੁਲਮ ਨੇ ਮੰਨਿਆ ਕਿ ਰੋਹਿਤ ਮਹਾਨ ਲੀਡਰ ਹੈ
ਹਾਂ, ਮੈਨੂੰ ਉਸਦੀ ਕਪਤਾਨੀ (ਰੋਹਿਤ ਸ਼ਰਮਾ ਦੀ ਕਪਤਾਨੀ) ਪਸੰਦ ਹੈ। ਮੈਨੂੰ ਲੱਗਦਾ ਹੈ ਕਿ ਉਸਦੀ ਕਪਤਾਨੀ ਸਾਹਸੀ ਹੈ। ਉਹ ਜ਼ੋਖਿਮ ਲੈਂਦਾ ਹੈ ਤੇ ਖੇਡ ਨੂੰ ਅੱਗੇ ਵਧਾਉਂਦਾ ਹੈ ਅਤੇ ਜਦੋਂ ਤੁਸੀਂ ਭਾਰਤ ਦੀ ਯੂਥ ਬ੍ਰਿਗੇਡ (ਨੌਜਵਾਨ ਖਿਡਾਰੀਆਂ ਨੂੰ) ਨੂੰ ਇਸ ਤਰਾਂ ਦੇ ਪਲੇਅਰ ਨਾਲ ਜੋੜ ਦੇਵੋਗੇ ਤਾਂ ਉਹ ਬਹੁਤ ਚੰਗੀਆਂ ਚੀਜ਼ਾਂ ਹਾਸਲ ਕਰ ਸਕਦਾ ਹੈ। ਉਹ ਨਾ ਸਿਰਫ ਭਾਰਤ ਲਈ ਸਗੋਂ ਪੂਰੀ ਮੁੰਬਈ ਇੰਡੀਅਨਜ਼ ਲਈ ਵੀ ਕਈ ਸਾਲਾਂ ਤੋਂ ਇਕ ਮਹਾਨ ਲੀਡਰ ਰਿਹਾ ਹੈ।
ਕਿਉਂ ਹਾਰਦਿਕ ਪੰਡਯਾ ਹੀ ਹੈ ਵੱਡਾ ਦਾਅਵੇਦਾਰ
ਬੀ. ਸੀ. ਸੀ. ਆਈ. ਪਹਿਲਾਂ ਤੋਂ ਹੀ ਹਾਰਦਿਕ ਪੰਡਯਾ ਨੂੰ ਟੀ-20 ਵਿਸ਼ਵ ਕੱਪ ਲਈ ਤਿਆਰ ਕਰ ਰਿਹਾ ਹੈ। ਆਲਰਾਊਂਡਰ ਨੇ 2022 ਵਿਚ ਬਤੌਰ ਕਪਤਾਨ ਆਈ. ਪੀ. ਐੱਲ. ਡੈਬਿਊ ਕਰਦੇ ਹੋਏ ਗੁਜਰਾਤ ਟਾਈਟਨਸ ਨੂੰ ਖਿਤਾਬ ਦਿਵਾਇਆ ਸੀ। ਪੰਡਯਾ ਆਪਣੀ ਅਗਵਾਈ ਕਲਾ ਦਾ ਪ੍ਰਦਰਸ਼ਨ ਕਰਕੇ ਲੋਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਰਿਹਾ ਸੀ। ਉਮੀਦ ਹੈ ਕਿ ਪੰਡਯਾ ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਤੋਂ ਪਹਿਲਾਂ ਫਿੱਟ ਹੋ ਜਾਵੇਗਾ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਆਈ. ਪੀ. ਐੱਲ. ਵਿੱਚ ਦਿਸੇਗਾ। ਜੇਕਰ ਹਾਰਦਿਕ ਇਕ ਵਾਰ ਫਿਰ ਤੋਂ ਮੁੰਬਈ ਇੰਡੀਅਨਜ਼ ਲਈ ਕਮਾਲ ਦਿਖਾਉਣ ਵਿੱਚ ਸਫ਼ਲ ਰਿਹਾ ਤਾਂ ਉਹ ਆਸਾਨੀ ਨਾਲ ਭਾਰਤੀ ਟੀਮ ਦੀ ਕਪਤਾਨੀ ਹਾਸਲ ਕਰ ਲਵੇਗਾ। ਪੰਡਯਾ ਨੂੰ ਟੱਕਰ ਸਿਰਫ਼ ਰੋਹਿਤ ਤੋਂ ਮਿਲਣੀ ਸੀ ਪਰ ਉਸਦੇ ਪਿੱਛੇ ਹਟਣ ਨਾਲ ਉਸਦਾ ਰਸਤਾ ਸਾਫ਼ ਹੁੰਦਾ ਦਿਸ ਰਿਹਾ ਹੈ। ਪੰਡਯਾ ਨੂੰ ਅਕਤੂਬਰ ਦੇ ਅੱਧ ਵਿੱਚ ਗਿੱਟੇ ਦੀ ਸੱਟ ਲੱਗੀ ਸੀ। ਮੁੰਬਈ ਇੰਡੀਅਨਜ਼ ਵਿੱਚ ਵਾਪਸੀ ’ਤੇ ਉਸਦਾ ਸਫ਼ਲ ਹੋਣਾ ਹੀ ਉਸ ਨੂੰ ਅਗਲੇ ਵਿਸ਼ਵ ਕੱਪ ਲਈ ਕਪਤਾਨ ਦਾ ਦਾਅਵੇਦਾਰ ਬਣਾ ਦੇਵੇਗਾ।

ਇਹ ਵੀ ਪੜ੍ਹੋ- ਪਰਿਵਾਰ ਨਾਲ ਛੁੱਟੀਆਂ ਮਨਾ ਕੇ ਪਰਤੇ ਰੋਹਿਤ ਸ਼ਰਮਾ, ਏਅਰਪੋਰਟ 'ਤੇ ਧੀ ਨੂੰ ਗੋਦੀ ਲਏ ਆਏ ਨਜ਼ਰ
ਸੂਰਯਕੁਮਾਰ ਯਾਦਵ ਵੀ ਠੋਕ ਰਿਹੈ ਦਾਅਵਾ
ਹਾਰਦਿਕ ਪੰਡਯਾ ਜੇਕਰ ਫਿੱਟ ਨਹੀਂ ਹੈ ਤੇ ਰੋਹਿਤ ਸ਼ਰਮਾ ਜੇਕਰ ਅੱਗੇ ਨਹੀਂ ਵਧਦਾ ਤਾਂ ਟੀਮ ਦੀ ਕਪਤਾਨੀ ਸੂਰਯਕੁਮਾਰ ਯਾਦਵ ਦੇ ਹੱਥਾਂ ਵਿੱਚ ਵੀ ਆਉਣ ਦੀ ਸੰਭਾਵਨਾ ਹੈ। ਸੂਰਯਕੁਮਾਰ ਟੀ-20 ਫਾਰਮੈੱਟ ਵਿੱਚ ਦੁਨੀਆ ਦਾ ਨੰਬਰ-1 ਬੱਲੇਬਾਜ਼ ਹੈ। ਉਹ ਆਪਣੇ ਦਮ ’ਤੇ ਮੈਚ ਦਾ ਪਾਸਾ ਪਲਟਣ ਦੀ ਸਮਰੱਥਾ ਰੱਖਦਾ ਹੈ। ਆਸਟ੍ਰੇਲੀਆ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ਦੌਰਾਨ ਵੀ ਉਹ ਲੈਅ ਵਿੱਚ ਦਿਸਿਆ ਸੀ। ਉਸ ਨੂੰ ਆਪਣੇ ਸਾਥੀਆਂ, ਵਿਸ਼ੇਸ਼ ਤੌਰ ’ਤੇ ਗੇਂਦਬਾਜ਼ਾਂ ਨੂੰ ਉਤਸ਼ਾਹਿਤ ਕਰਨ ਤੇ ਆਜ਼ਾਦੀ ਦੇਣ ਲਈ ਭਰਪੂਰ ਪ੍ਰਸ਼ੰਸਾ ਮਿਲੀ ਸੀ। ਦੱਖਣੀ ਅਫਰੀਕਾ ਵਿੱਚ ਤਿੰਨ ਟੀ-20 ਲਈ ਕਪਤਾਨ ਦੇ ਰੂਪ ਵਿੱਚ ਬਰਕਰਾਰ ਰਹਿਣ ’ਤੇ ਸੂਰਯਕੁਮਾਰ ਵੀ ਜੂਨ ਵਿੱਚ ਹੋਣ ਵਾਲੇ ਮਹਾਕੁੰਭ ਲਈ ਕਪਤਾਨੀ ਦਾ ਦਾਅਵੇਦਾਰ ਬਣ ਜਾਵੇਗਾ। ਕਪਤਾਨੀ ਮਿਲਣ ਦੇ ਬਾਵਜੂਦ ਉਸ ਵਿੱਚ ਰਚਨਾਤਮਕ, ਸ਼ਾਂਤ ਤੇ ਸੰਚਾਰ ਵਿੱਚ ਕਮੀ ਨਹੀਂ ਆਈ ਹੈ। ਉਹ ਦਬਾਅ ਵਾਲੀ ਖੇਡ ਵਿੱਚ ਵੀ ਬਿਹਤਰ ਪ੍ਰਦਰਸ਼ਨ ਕਰਦਾ ਨਜ਼ਰ ਆਇਆ ਹੈ। ਜਦੋਂ ਉਸਦੇ ਕੋਲ ਕਪਤਾਨ ਨਾਂ ਦੀਆਂ ਉਮੀਦਾਂ ਦਾ ਭਾਰ ਹੋਵੇਗਾ ਤਾਂ ਇਹ ਉਸ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਵਾਏਗਾ।
ਟੀਮ ਇੰਡੀਆ ਨੂੰ ਢਾਈ ਸਾਲਾਂ ਵਿੱਚ ਮਿਲੇ 7 ਕਪਤਾਨ
ਰੋਹਿਤ ਸ਼ਰਮਾ ਤੋਂ ਇਲਾਵਾ ਭਾਰਤ ਨੂੰ ਪਿਛਲੇ ਢਾਈ ਸਾਲਾਂ ਵਿੱਚ 7 ਟੀ-20 ਕੌਮਾਂਤਰੀ ਕਪਤਾਨ ਮਿਲੇ ਹਨ। 2021 ਵਿੱਚ ਜਦੋਂ ਇੰਗਲੈਂਡ ਵਿਰੁੱਧ ਭਾਰਤੀ ਟੀਮ ਨੇ 5ਵਾਂ ਟੈਸਟ ਖੇਡਣ ਜਾਣਾ ਸੀ ਤਦ ਸ਼ਿਖਰ ਧਵਨ ਦੀ ਕਪਤਾਨੀ ਵਿੱਚ ਟੀਮ ਸ਼੍ਰੀਲੰਕਾ ਭੇਜੀ ਗਈ ਸੀ। ਧਵਨ ਨੇ ਤਿੰਨ ਮੈਚਾਂ ਵਿੱਚ ਕਪਤਾਨੀ ਕੀਤੀ ਸੀ। ਇਸ ਤੋਂ ਇਲਾਵਾ ਰਿਸ਼ਭ ਪੰਤ (5 ਮੈਚ), ਹਾਰਦਿਕ ਪੰਡਯਾ (16), ਕੇ. ਐੱਲ. ਰਾਹੁਲ (1), ਜਸਪ੍ਰੀਤ ਬੁਮਰਾਹ (2), ਰੁਤੁਰਾਜ ਗਾਇਕਵਾੜ (3) ਤੇ ਹੁਣ ਸੂਰਯਕੁਮਾਰ ਯਾਦਵ (5) ਵੀ ਇਸ ਵਿੱਚ ਜੁੜ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

Aarti dhillon

Content Editor

Related News