ਵ੍ਹੀਲਚੇਅਰ ਟੈਨਿਸ ਦੇ ਸਟਾਰ ਖਿਡਾਰੀ ਸ਼ਿੰਗੋ ਕੁਨੀਦਾ ਨੇ ਲਿਆ ਸੰਨਿਆਸ
Monday, Jan 23, 2023 - 04:23 PM (IST)
ਮੈਲਬੋਰਨ (ਭਾਸ਼ਾ)– ਵ੍ਹੀਲਚੇਅਰ ਟੈਨਿਸ ਦੇ ਸਭ ਤੋਂ ਸਫ਼ਲ ਖਿਡਾਰੀ ਸ਼ਿੰਗੋ ਕੁਨੀਦਾ ਨੇ ਐਤਵਾਰ ਨੂੰ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਵਿਸ਼ਵ ਵਿਚ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀ 38 ਸਾਲਾ ਕੁਨੀਦਾ ਨੇ ਆਪਣੇ ਕਰੀਅਰ ਵਿਚ 28 ਗ੍ਰੈਂਡ ਸਲੈਮ ਸਿੰਗਲਜ਼ ਖ਼ਿਤਾਬ ਜਿੱਤੇ ਹਨ। ਉਸ ਨੇ 2022 ਵਿਚ ਵਿੰਬਲਡਨ ਦਾ ਖ਼ਿਤਾਬ ਜਿੱਤ ਕੇ ਚਾਰੇ ਗ੍ਰੈਂਡ ਸਲੈਮ ਵਿਚ ਖ਼ਿਤਾਬ ਹਾਸਲ ਕਰਕੇ ਕਰੀਅਰ ਗ੍ਰੈਂਡ ਸਲੈਮ ਪੂਰਾ ਕੀਤਾ ਸੀ।
ਜਾਪਾਨ ਦੇ ਇਸ ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ, ‘‘ਟੋਕੀਓ ਪੈਰਾਲੰਪਿਕ ਵਿਚ ਆਪਣਾ ਸੁਫ਼ਨਾ ਪੂਰਾ ਕਰਨ ਤੋਂ ਬਾਅਦ ਹੀ ਮੈਂ ਸੰਨਿਆਸ ਦੇ ਬਾਰੇ ਵਿਚ ਸੋਚ ਰਿਹਾ ਸੀ। ਪਿਛਲੇ ਸਾਲ ਪਹਿਲੀ ਵਾਰ ਵਿੰਬਲਡਨ ਸਿੰਗਲਜ਼ ਦਾ ਖ਼ਿਤਾਬ ਜਿੱਤਣ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੁਕਾਬਲੇਬਾਜ਼ੀ ਕਰਨ ਦੀ ਮੇਰੀ ਊਰਜਾ ਹੁਣ ਬਹੁਤ ਘੱਟ ਬਚੀ ਹੈ।’’
ਕੁਨੀਦਾ ਨੇ ਆਪਣੇ ਕਰੀਅਰ ਵਿਚ 11 ਵਾਰ ਆਸਟਰੇਲੀਆਈ ਓਪਨ ਦਾ ਖ਼ਿਤਾਬ ਜਿੱਤਿਆ। ਇਸ ਤੋਂ ਇਲਾਵਾ ਫ੍ਰੈਂਚ ਓਪਨ ਤੇ ਅਮਰੀਕੀ ਓਪਨ ਵਿਚ 8-8 ਖ਼ਿਤਾਬ, ਜਦਕਿ ਵਿੰਬਲਡਨ ਵਿਚ ਇਕ ਖ਼ਿਤਾਬ ਜਿੱਤਿਆ। ਇਸਦੇ ਨਾਲ ਹੀ ਉਸ ਨੇ 22 ਗ੍ਰੈਂਡ ਸਲੈਮ ਡਬਲਜ਼ ਖ਼ਿਤਾਬ ਵੀ ਜਿੱਤੇ। ਇਸ ਤੋਂ ਇਲਾਵਾ ਪੈਰਾਲੰਪਿਕ ਵਿਚ ਉਸਦੇ ਨਾਂ ’ਤੇ 3 ਸਿੰਗਲਜ਼ ਸੋਨ ਤਮਗੇ ਦਰਜ ਹਨ।