ਵਿੰਡੀਜ਼ ਕ੍ਰਿਕਟ ਟੀਮ ਕੋਰੋਨਾ ਟੈਸਟ 'ਚ ਪਾਸ, ਇੰਗਲੈਂਡ ਦੌਰੇ ਲਈ ਹੋਵੇਗੀ ਰਵਾਨਾ
Tuesday, Jun 09, 2020 - 07:58 PM (IST)

ਐਂਟੀਗਾ - ਵੈਸਟਇੰਡੀਜ਼ ਟੀਮ ਦੇ ਸਾਰੇ ਖਿਡਾਰੀਆਂ ਤੇ ਸਹਾਇਕ ਸਟਾਫ ਦਾ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਗਿਆ, ਜਿਸ ਵਿੱਚ ਸਾਰਿਆਂ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਟੀਮ ਜਲਦ ਹੀ ਇੰਗਲੈਂਡ ਦੌਰੇ ਲਈ ਰਵਾਨਾ ਹੋਵੇਗੀ। ਵੈਸਟਇੰਡੀਜ਼ ਨੂੰ ਇੰਗਲੈਂਡ ਵਿਰੁੱਧ ਅੱਠ ਜੁਲਾਈ ਤੋਂ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਟੀਮ ਦੇ ਸਾਰੇ ਖਿਡਾਰੀਆਂ ਤੇ ਸਹਾਇਕ ਸਟਾਫ ਦਾ ਕੋਰੋਨਾ ਟੈਸਟ ਕੀਤਾ ਜਾਣਾ ਜ਼ਰੂਰੀ ਸੀ। ਕ੍ਰਿਕਟ ਵੈਸਟਇੰਡੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨੀ ਗ੍ਰੇਵ ਨੇ ਕਿਹਾ ਕਿ ਸਾਰੇ ਖਿਡਾਰੀਆਂ ਤੇ ਸਟਾਫ ਦਾ ਕੋਰੋਨਾ ਟੈਸਟ ਕੀਤਾ ਗਿਆ, ਜਿਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਕਪਤਾਨ ਜੈਸਨ ਹੋਲਡਰ ਦੀ ਅਗਵਾਈ 'ਚ ਟੀਮ ਚਾਰਟਰਰ ਪਲਾਨ ਨਾਲ ਐਂਟੀਗਾ ਤੋਂ ਰਵਾਨਾ ਹੋਵੇਗੀ ਤੇ ਮਾਨਚੈਸਟਰ ਪਹੁੰਚੇਗੀ। ਟੀਮ ਦੇ ਖਿਡਾਰੀ ਟ੍ਰੇਫਡਰ 'ਚ ਰੁੱਕਣਗੇ ਤੇ ਉੱਥੇ ਤਿੰਨ ਹਫਤਿਆਂ ਤੱਕ ਟ੍ਰੇਨਿੰਗ ਕਰਨਗੇ।
ਟੀਮ ਤਿੰਨ ਜੁਲਾਈ ਨੂੰ ਸਾਊਥੰਪਟਨ ਦੇ ਲਈ ਰਵਾਨਾ ਹੋਵੇਗੀ ਜਿੱਥੇ ਅੱਠ ਜੁਲਾਈ ਤੋਂ ਪਹਿਲਾ ਟੈਸਟ ਖੇਡਿਆ ਜਾਵੇਗਾ। ਪਿਛਲੇ ਹਫਤੇ ਵੈਸਟਇੰਡੀਜ਼ ਨੇ 11 ਰਿਜ਼ਰਵ ਖਿਡਾਰੀਆਂ ਸਮੇਤ ਕੁੱਲ 25 ਮੈਂਬਰੀ ਟੀਮ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਕਰੀਬ ਤਿੰਨ ਮਹੀਨੇ ਤੋਂ ਦੁਨੀਆਭਰ 'ਚ ਕ੍ਰਿਕਟ ਖੇਡ ਬੰਦ ਹੈ। ਇੰਗਲੈਂਡ ਐਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਵਿੰਡੀਜ਼ ਦੌਰੇ ਦੇ ਲਈ ਬ੍ਰਿਟਿਸ਼ ਸਰਕਾਰ ਦੀ ਆਖਰੀ ਮਨਜ਼ੂਰੀ ਦਾ ਇੰਤਜ਼ਾਰ ਹੈ।