ਵੈਸਟਇੰਡੀਜ਼ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਲੜੀ ਨੂੰ ਜਿੱਤਣ ''ਤੇ ਟਿਕੀਆਂ ਭਾਰਤ ਦੀਆਂ ਨਜ਼ਰਾਂ
Wednesday, Jul 05, 2017 - 02:23 PM (IST)

ਕਿੰਗਸਟਨ : ਆਲੋਚਨਾ ਦਾ ਸ਼ਿਕਾਰ ਭਾਰਤੀ ਬੱਲੇਬਾਜ਼ ਕੱਲ੍ਹ ਇੱਥੇ ਵੈਸਟਇੰਡੀਜ਼ ਖਿਲਾਫ 5ਵੇਂ ਅਤੇ ਆਖਰੀ ਇਕ ਰੋਜ਼ਾ ਮੈਚ 'ਚ ਪਿਛਲੇ ਮੈਚ ਦੇ ਮਾੜੇ ਪ੍ਰਦਰਸ਼ਨ ਦੀ ਭਰਪਾਈ ਕਰਦੇ ਹੋਏ ਲੜੀ ਜਿੱਤਣ ਦੇ ਇਰਾਦੇ ਨਾਲ ਖੇਡਣਗੇ। ਭਾਰਤ ਨੇ ਚੌਥੇ ਵਨਡੇ 'ਚ ਜਦੋਂ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਰੀ ਦੀ ਸ਼ੁਰੂਆਤ ਕੀਤੀ ਸੀ ਤਾਂ ਮੰਨਿਆ ਜਾ ਰਿਹਾ ਸੀ ਕਿ ਟੀਮ ਆਪਣੇ ਸ਼ਾਨਦਾਰ ਬੱਲੇਬਾਜ਼ੀ ਕ੍ਰਮ ਦੀ ਬਦੌਲਤ ਆਸਾਨ ਜਿੱਤ ਦਰਜ ਕਰਕੇ ਲੜੀ ਆਪਣੇ ਨਾਂ ਕਰ ਲਵੇਗੀ ਪਰ ਟੀਮ ਨੂੰ ਪੂਰੀ ਧੀਮੀ ਪਿੱਚ 'ਤੇ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਬੱਲੇਬਾਜ਼ਾਂ 'ਚ ਸਭ ਤੋਂ ਜ਼ਿਆਦਾ ਨਿਸ਼ਾਨੇ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਆਏ, ਜਿਨ੍ਹਾਂ ਨੇ ਬਹੁਤ ਹੌਲੀ ਬੱਲੇਬਾਜ਼ੀ ਕੀਤੀ ਅਤੇ 114 ਗੇਂਦਾਂ 'ਚ 54 ਦੌੜਾਂ ਦੀ ਪਾਰੀ ਦੌਰਾਨ 70 ਗੇਂਦਾਂ ਖਾਲੀ ਖੇਡੀਆਂ। ਵੱਡਾ ਸ਼ਾਟ ਖੇਡਣ ਦੀ ਆਪਣੀ ਪਹਿਲੀ ਕੋਸ਼ਿਸ਼ 'ਚ ਹੀ ਉਹ ਨਾਕਾਮ ਰਹੇ ਅਤੇ ਕੈਚ ਫੜਾ ਬੈਠੇ, ਜਿਸ ਨਾਲ ਫਿਨਸ਼ਿਰ ਦੇ ਰੂਪ 'ਚ ਉਨ੍ਹਾਂ ਦੀ ਭੂਮਿਕਾ 'ਤੇ ਇਕ ਵਾਰ ਫਿਰ ਸਵਾਲ ਉਠਣ ਲੱਗੇ ਹਨ। ਰਵਿੰਦਰ ਜਡੇਜਾ ਵੀ ਖਰਾਬ ਸ਼ਾਟ ਖੇਡ ਕੇ ਪਵੇਲੀਅਨ ਵਾਪਸ ਪਰਤ ਗਏ, ਜਿਸ ਨਾਲ ਮਹੱਤਵਪੂਰਣ ਮੌਕਿਆਂ 'ਤੇ ਭਾਰਤ ਦੇ ਪੁਛੱਲੇ ਬੱਲੇਬਾਜ਼ਾਂ ਦੀ ਨਾਕਾਮੀ ਇਕ ਵਾਰ ਫਿਰ ਉਜਾਗਰ ਹੋਈ।
ਭਾਰਤ ਲਈ ਹੁਣ ਤੱਕ ਸ਼ਿਖਰ ਧਵਨ ਅਤੇ ਅਜਿੰਕਯ ਰਹਾਨੇ ਦੀ ਅਗਵਾਈ ਵਾਲੇ ਚੋਟੀ ਕ੍ਰਮ ਨੇ ਜ਼ਿਆਦਾ ਦੌੜਾਂ ਬਣਾਈਆਂ ਅਤੇ ਭਾਰਤੀ ਟੀਮ ਚਾਹੇਗੀ ਕਿ ਇਹ ਦੋਵੇਂ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਣ, ਰਹਾਨੇ ਲੜੀ ਦੇ 4 ਮੈਚਾਂ 'ਚ ਹੁਣ ਤੱਕ 3 ਅਰਧ ਸੈਂਕੜੇ ਅਤੇ ਇਕ ਸੈਂਕੜਾ ਜੜ ਚੁੱਕਿਆ ਹੈ। ਬੱਲੇਬਾਜ਼ਾਂ ਦੇ ਸ਼ਾਟ ਚੋਣ ਦੀ ਆਲੋਚਨਾ ਕਰਨ ਵਾਲੇ ਕਪਤਾਨ ਵਿਰਾਟ ਕੋਹਲੀ ਜੇਕਰ ਮੱਧ ਕ੍ਰਮ 'ਚ ਬਦਲਾਅ ਕਰਦੇ ਹਨ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਵੇਗੀ। ਚੌਥੇ ਇਕ ਰੋਜ਼ਾ 'ਚ 3 ਸਾਲ ਤੋਂ ਜ਼ਿਆਦਾ ਸਮੇਂ ਬਾਅਦ ਭਾਰਤ ਦੀ ਅਗਵਾਈ ਕਰਨ ਵਾਲੇ ਦਿਨੇਸ਼ ਕਾਰਤਿਕ ਪ੍ਰਭਾਵ ਛੱਡਣ 'ਚ ਨਾਕਾਮ ਰਹੇ ਪਰ ਟੀਮ ਪ੍ਰਬੰਧਕ ਇਕ ਅਸਫਲਤਾ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕਰਨ ਦੀ ਸੰਭਾਵਨਾ ਨਹੀਂ ਹੈ।