ਵੱਖਰਾ ਤਰੀਕਾ ਲੱਭ ਕੇ ਟੀਮ ਇੰਡੀਆ ’ਤੇ ਦਬਾਅ ਬਣਾਵਾਂਗੇ : ਲਾਬੂਸ਼ੇਨ

01/01/2021 7:58:07 PM

ਮੈਲਬੋਰਨ– ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਮਾਰਨਸ ਲਾਬੂਸ਼ੇਨ ਦਾ ਕਹਿਣਾ ਹੈ ਕਿ ਉਸਦੀ ਟੀਮ ਤੀਜੇ ਟੈਸਟ ਵਿਚ ਵੱਖਰਾ ਤਰੀਕਾ ਲੱਭ ਕੇ ਟੀਮ ਇੰਡੀਆ ’ਤੇ ਦਬਾਅ ਪਾਵੇਗੀ। ਆਸਟਰੇਲੀਆ ਨੇ ਪਹਿਲਾ ਡੇ-ਨਾਈਟ ਟੈਸਟ ਜਿੱਤਿਆ ਸੀ ਪਰ ਮੈਲਬੋਰਨ ਵਿਚ ਖੇਡੇ ਗਏ ਦੂਜੇ ਟੈਸਟ ਵਿਚ ਟੀਮ ਇੰਡੀਆ ਨੇ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ ਸੀ।
ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆ ਦੇ ਸਟੀਵ ਸਮਿਥ ਤੇ ਮਾਰਸਨ ਲਾਬੂਸ਼ੇਨ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ ਤੇ ਲੈੱਗ ਸਟੰਪ ’ਤੇ ਗੇਂਦ ਸੁੱਟਣ ਦੀ ਰਣਨੀਤੀ ਨਾਲ ਇਨ੍ਹਾਂ ਦੋਵਾਂ ਨੂੰ ਅਜੇ ਤਕ ਬੰਨ੍ਹੀ ਰੱਖਿਆ ਹੈ। ਆਸਟਰੇਲੀਆਈ ਟੀਮ ਮੈਨੇਜਮੈਂਟ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਸਮਿਥ ਤੇ ਲਾਬੂਸ਼ੇਨ ਸੰਘਰਸ਼ ਕਰ ਰਹੇ ਹਨ। ਹਾਲਾਂਕਿ ਲਾਬੂਸ਼ੇਨ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਭਾਰਤੀ ਗੇਂਦਬਾਜ਼ਾਂ ਵਿਰੁੱਧ ਇਕ ਖਾਸ ਰਣਨੀਤੀ ਬਣਾਉਣ ਦੇ ਬਾਰੇ ਵਿਚ ਦੱਸਿਆ ਹੈ।
ਲਾਬੂਸ਼ੇਨ ਨੇ ਕਿਹਾ,‘‘ਟੀਮ ਇੰਡੀਆ ਇਕ ਰਣਨੀਤੀ ਦੇ ਤਹਿਤ ਦੂਜੇ ਮੈਚ ਵਿਚ ਖੇਡਣ ਉਤਰੀ ਸੀ ਤੇ ਉਸਦੇ ਗੇਂਦਬਾਜ਼ ਲੈੱਗ ਸਾਈਡ ’ਤੇ ਗੇਂਦਬਾਜ਼ੀ ਕਰ ਰਹੇ ਸਨ। ਸਾਡੀ ਸਟ੍ਰਾਈਕ ਰੇਟ ਹਰ ਓਵਰ ਵਿਚ ਲਗਭਗ 2 ਦੀ ਰਹੀ। ਸਾਨੂੰ ਅਗਲੇ ਮੁਕਾਬਲੇ ਵਿਚ ਅਨੁਸ਼ਾਸਿਤ ਹੋ ਕੇ ਰਹਿਣਾ ਪਵੇਗਾ ਤੇ ਵੱਖਰੇ ਤਰੀਕੇ ਲੱਭ ਕੇ ਟੀਮ ਇੰਡੀਆ ’ਤੇ ਦਬਾਅ ਬਣਾਉਣਾ ਪਵੇਗਾ।’’
ਉਸ ਨੇ ਕਿਹਾ,‘‘ਸਾਨੂੰ ਦੌੜਾਂ ਬਣਾਉਣ ਦੇ ਤਰੀਕੇ ਲੱਭਣੇ ਪੈਣਗੇ। ਅਸੀਂ ਸਟ੍ਰਾਇਕ ਰੋਟੇਟ ਕਰਨ ਤੇ ਮੌਕਾ ਮਿਲਣ ’ਤੇ ਬਾਊਂਡਰੀ ਲਾਉਣ ਦੇ ਬਾਰੇ ਵਿਚ ਚਰਚਾ ਕੀਤੀ ਹੈ। ਕਿਸੇ ਵੀ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਅਜਿਹਾ ਹੀ ਕਰਨਾ ਪੈਂਦਾ ਹੈ। ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਦੌੜਾਂ ਬਣਾਉਣ ਦੇ ਵੱਖ-ਵੱਖ ਤਰੀਕੇ ਲੱਭੀਏ। ਇਹ ਆਸਾਨ ਨਹੀਂ ਹੋਵੇਗਾ ਪਰ ਸਾਨੂੰ ਅਜਿਹਾ ਕਰਨਾ ਪਵੇਗਾ ਤੇ ਜੇਕਰ ਅਸੀਂ ਇਸ ਵਿਚ ਸਫਲ ਹੋ ਜਾਂਦੇ ਹਾਂ ਤਾਂ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਅਸੀਂ ਉਸ ਨੂੰ ਵੱਡੇ ਸਕੋਰ ਵਿਚ ਤਬਦੀਲ ਕਰੀਏ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News