ਸਪੇਨ ਦੇ ਖ਼ਿਲਾਫ਼ ਹਾਰ ਤੋਂ ਨਿਰਾਸ਼ ਪਰ ਰਾਸ਼ਟਰ ਮੰਡਲ ਖੇਡਾਂ ਲਈ ਪ੍ਰਦਰਸ਼ਨ ''ਚ ਕਰਾਂਗੇ ਸੁਧਾਰ : ਨਵਨੀਤ

Friday, Jul 15, 2022 - 11:54 AM (IST)

ਸਪੇਨ ਦੇ ਖ਼ਿਲਾਫ਼ ਹਾਰ ਤੋਂ ਨਿਰਾਸ਼ ਪਰ ਰਾਸ਼ਟਰ ਮੰਡਲ ਖੇਡਾਂ ਲਈ ਪ੍ਰਦਰਸ਼ਨ ''ਚ ਕਰਾਂਗੇ ਸੁਧਾਰ : ਨਵਨੀਤ

ਟੇਰੇਸਾ- ਭਾਰਤੀ ਮਹਿਲਾ ਹਾਕੀ ਟੀਮ ਐੱਫ. ਆਈ. ਐੱਚ. ਵਿਸ਼ਵ ਕੱਪ ਵਿਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਪਰ ਸਟ੍ਰਾਈਕਰ ਨਵਨੀਤ ਕੌਰ ਨੇ ਵੀਰਵਾਰ ਨੂੰ ਕਿਹਾ ਕਿ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਟੀਮ ਬਿਹਤਰ ਪ੍ਰਦਰਸ਼ਨ ਕਰੇਗੀ।

ਭਾਰਤ ਵਿਸ਼ਵ ਕੱਪ ਵਿਚ ਨੌਵੇਂ ਸਥਾਨ 'ਤੇ ਰਿਹਾ। ਭਾਰਤੀ ਟੀਮ ਨੇ ਇੰਗਲੈਂਡ ਤੇ ਚੀਨ ਨਾਲ 1-1 ਨਾਲ ਡਰਾਅ ਖੇਡਿਆ ਤੇ ਨਿਊਜ਼ੀਲੈਂਡ ਹੱਥੋਂ 3-4 ਨਾਲ ਹਾਰ ਗਈ। ਉਥੇ ਹੀ ਕੁਆਰਟਰ ਫਾਈਨਲ ਲਈ ਕ੍ਰਾਸਓਵਰ ਮੈਚ ਵਿਚ ਭਾਰਤ ਨੂੰ ਸਪੇਨ ਨੇ 1-0 ਨਾਲ ਹਰਾਇਆ। ਨਵਨੀਤ ਨੇ ਸਪੇਨ ਹੱਥੋਂ ਮਿਲੀ ਹਾਰ ਬਾਰੇ ਕਿਹਾ ਕਿ ਸਪੇਨ ਹੱਥੋਂ ਹਾਰਨ ਤੋਂ ਬਾਅਦ ਅਸੀਂ ਕਾਫੀ ਨਿਰਾਸ਼ ਸੀ।

ਇਸ ਦੇ ਬਾਵਜੂਦ ਸਾਨੂੰ ਪਤਾ ਸੀ ਕਿ ਇਸ ਨੂੰ ਭੁਲਾ ਕੇ ਕੈਨੇਡਾ ਤੇ ਜਾਪਾਨ ਖ਼ਿਲਾਫ਼ ਮੈਚਾਂ ਬਾਰੇ ਸੋਚਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਦੋਵਾਂ ਟੀਮਾਂ ਨੂੰ ਹਰਾ ਕੇ ਵਿਸ਼ਵ ਕੱਪ ਵਿਚ ਸਨਮਾਨਜਨਕ ਵਿਦਾਈ ਲੈਣਾ ਚਾਹੁੰਦੇ ਸੀ। ਭਾਰਤ ਨੇ ਕੈਨੇਡਾ ਨੂੰ ਸ਼ੂਟਆਊਟ ਵਿਚ 3-2 ਨਾਲ ਹਰਾਇਆ ਜਦਕਿ ਜਾਪਾਨ ਨੂੰ 3-1 ਨਾਲ ਮਾਤ ਦਿੱਤੀ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੇ 29 ਜੁਲਾਈ ਨੂੰ ਪਹਿਲੇ ਮੈਚ ਵਿਚ ਘਾਨਾ ਖ਼ਿਲਾਫ਼ ਖੇਡਣਾ ਹੈ।


author

Tarsem Singh

Content Editor

Related News