ਸੀਰੀਜ਼ ਹਾਰਨ ਤੋਂ ਬਾਅਦ ਨਿਰਾਸ਼ ਹੋਈ ਹਰਮਨਪ੍ਰੀਤ, ਕਿਹਾ- ਅਸੀਂ ਅੰਤ ਤੱਕ ਜਿੱਤਣ ਦੀ ਦੌੜ ''ਚ ਸੀ
Sunday, Dec 18, 2022 - 05:00 PM (IST)

ਮੁੰਬਈ— ਆਸਟ੍ਰੇਲੀਆ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਚੌਥੇ ਮੈਚ 'ਚ 7 ਦੌੜਾਂ ਦੀ ਹਾਰ ਝੱਲਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਜੇਕਰ ਟੀਮ ਇਕ ਓਵਰ 'ਚ ਥੋੜ੍ਹਾ ਹੋਰ ਵੱਡਾ ਸਕੋਰ ਬਣਾ ਲੈਂਦੀ ਤਾਂ ਨਤੀਜਾ ਵੱਖਰਾ ਹੋਣਾ ਸੀ। ਭਾਰਤੀ ਕਪਤਾਨ ਨੇ ਕਿਹਾ ਕਿ ਅਸੀਂ ਪੂਰਾ ਮੈਚ ਜਿੱਤਣ ਦੀ ਦੌੜ ਵਿੱਚ ਸੀ। ਇਸ ਮੈਚ ਵਿੱਚ ਸਿਰਫ਼ ਇੱਕ ਓਵਰ ਹੀ ਫਰਕ ਲਿਆ ਸਕਦਾ ਸੀ।
30 ਗੇਂਦਾਂ 'ਚ 46 ਦੌੜਾਂ ਦੀ ਹਮਲਾਵਰ ਪਾਰੀ ਖੇਡਣ ਵਾਲੀ ਹਰਮਨਪ੍ਰੀਤ ਨੇ ਕਿਹਾ ਕਿ ਜੇਕਰ ਮੈਂ ਅੰਤ ਤੱਕ ਕ੍ਰੀਜ਼ 'ਤੇ ਹੁੰਦੀ ਤਾਂ ਹਾਲਾਤ ਬਦਲ ਸਕਦੇ ਸਨ ਪਰ ਬਦਕਿਸਮਤੀ ਨਾਲ ਮੈਂ ਆਊਟ ਹੋ ਗਈ। ਹਾਲਾਂਕਿ, ਮੈਨੂੰ ਰਿਚਾ ਅਤੇ ਦੀਪਤੀ 'ਤੇ ਭਰੋਸਾ ਸੀ। ਭਾਰਤੀ ਟੀਮ ਨੂੰ ਜਿੱਤ ਲਈ ਆਖਰੀ ਤਿੰਨ ਓਵਰਾਂ ਵਿੱਚ 41 ਦੌੜਾਂ ਦੀ ਲੋੜ ਸੀ ਪਰ 18ਵੇਂ ਓਵਰ ਵਿੱਚ ਸਿਰਫ਼ 3 ਦੌੜਾਂ ਹੀ ਬਣ ਸਕੀਆਂ।
ਇਹ ਵੀ ਪੜ੍ਹੋ : ਪੈਰਾ ਪਾਵਰ ਲਿਫਟਿੰਗ ਵਿਸ਼ਵ ਕੱਪ ਵਿਚ ਪੰਜਾਬੀਆਂ ਨੇ ਪਾਈ ਧੱਕ, ਭਾਰਤ ਦੀ ਝੋਲੀ ਪਾਏ 3 ਤਮਗ਼ੇ
ਹਰਮਨਪ੍ਰੀਤ ਨੇ ਇਸ ਓਵਰ ਨੂੰ ਟੀਮ ਲਈ ਨੁਕਸਾਨਦਾਇਕ ਦੱਸਦੇ ਹੋਏ ਕਿਹਾ ਕਿ ਜਦੋਂ ਅਸੀਂ 18ਵੇਂ ਓਵਰ 'ਚ ਸਿਰਫ ਤਿੰਨ ਦੌੜਾਂ ਬਣਾਈਆਂ ਤਾਂ ਇਸ ਨਾਲ ਵੱਡਾ ਫਰਕ ਪਿਆ। ਖ਼ੁਦ ਗੇਂਦਬਾਜ਼ੀ ਨਾ ਕਰਨ ਬਾਰੇ 'ਤੇ ਪੁੱਛੇ ਜਾਣ 'ਤੇ ਹਰਮਨਪ੍ਰੀਤ ਨੇ ਕਿਹਾ, "ਮੈਂ ਏਸ਼ੀਆ ਕੱਪ 'ਚ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਹਾਂ। ਫਿਲਹਾਲ ਮੈਂ ਸਿਰਫ ਬੱਲੇਬਾਜ਼ੀ ਕਰਨਾ ਚਾਹੁੰਦੀ ਹਾਂ, ਮੈਂ ਜਲਦੀ ਹੀ ਗੇਂਦਬਾਜ਼ੀ ਕਰਾਂਗੀ।
ਆਸਟ੍ਰੇਲੀਆ ਦੀ ਸਟੈਂਡ-ਇਨ ਕਪਤਾਨ ਟਾਹਲੀਆ ਮੈਕਗ੍ਰਾ ਨੇ ਕਿਹਾ, "ਮੈਨੂੰ ਇਹ ਜ਼ਿੰਮੇਵਾਰੀ (ਕਪਤਾਨੀ ਦੀ ਭੂਮਿਕਾ) ਆਖਰੀ ਸਮੇਂ 'ਤੇ ਦਿੱਤੀ ਗਈ ਸੀ ਪਰ ਟੀਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਇਕ ਮੈਚ ਬਾਕੀ ਰਹਿ ਕੇ ਸੀਰੀਜ਼ ਜਿੱਤ ਲਈ ਹੈ।" ਇਹ ਮੇਰੇ ਲਈ ਨਵੀਂ ਭੂਮਿਕਾ ਹੈ ਪਰ ਸੀਨੀਅਰ ਖਿਡਾਰੀਆਂ ਦਾ ਪੂਰਾ ਸਮਰਥਨ ਸੀ, ਉਨ੍ਹਾਂ ਨੇ ਮੇਰੀ ਮਦਦ ਕੀਤੀ। ਆਸਟਰੇਲੀਆ ਦੀ ਨਿਯਮਤ ਕਪਤਾਨ ਐਲੀਸਾ ਹੀਲੀ ਬੱਲੇਬਾਜ਼ੀ ਦੌਰਾਨ ਹੈਮਸਟ੍ਰਿੰਗ ਵਿੱਚ ਖਿਚਾਅ ਕਾਰਨ 30 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।