WC ਗ੍ਰੇਸ : ਕ੍ਰਿਕਟ ਦਾ ਪਿਤਾਮਾਹ ਜਿਸ ਨੇ ਸਭ ਤੋਂ ਪਹਿਲਾਂ 100 ਸੈਂਕੜੇ ਲਾਏ
Saturday, Jul 18, 2020 - 02:36 AM (IST)
ਨਵੀਂ ਦਿੱਲੀ- ਇੰਗਲੈਂਡ ਦੇ ਮਹਾਨ ਕ੍ਰਿਕਟਰ ਡਬਲਯੂ. ਸੀ. ਗ੍ਰੇਸ ਦਾ ਸ਼ਨੀਵਾਰ ਨੂੰ 173ਵਾਂ ਜਨਮ ਦਿਨ ਮਨਾਇਆ ਜਾਵੇਗਾ। ਕ੍ਰਿਕਟ ਜਗਤ ਵਿਚ 'ਡਾਕਟਰ' ਦੇ ਨਾਂ ਨਾਲ ਮਸ਼ਹੂਰ ਗ੍ਰੇਸ ਨੂੰ ਉਸਦੀਆਂ ਫਰਸਟ ਕਲਾਸ ਵਿਚ ਬਣਾਈਆਂ ਗਈਆਂ 50 ਹਜ਼ਾਰ ਤੋਂ ਵੱਧ ਦੌੜਾਂ ਤੇ 2 ਹਜ਼ਾਰ ਤੋਂ ਵੱਧ ਵਿਕਟਾਂ ਲਈ ਕ੍ਰਿਕਟ ਦਾ ਪਿਤਾਮਾਹ ਵੀ ਕਿਹਾ ਜਾਂਦਾ ਹੈ। 30 ਸਾਲ ਤੋਂ ਲੰਬਾ ਕ੍ਰਿਕਟ ਕਰੀਅਰ ਚਲਾਉਣ ਵਾਲੇ ਗ੍ਰੇਸ ਨੇ 870 ਫਰਸਟ ਕਲਾਸ ਮੈਚਾਂ ਵਿਚ 124 ਸੈਂਕੜੇ ਤੇ 251 ਅਰਧ ਸੈਂਕੜੇ ਬਣਾਏ। ਗੇਂਦਬਾਜ਼ੀ ਵਿਚ ਉਸਦੇ ਨਾਂ 'ਤੇ 2809 ਵਿਕਟਾਂ ਦਰਜ ਹਨ। ਗ੍ਰੇਸ ਜਦੋਂ ਵੀ ਖੇਡਦਾ ਸੀ ਤਾਂ ਵਿਰੋਧੀ ਖਿਡਾਰੀਆਂ ਵਿਚ ਉਸਦਾ ਡਰ ਬਣਿਆ ਰਹਿੰਦਾ ਸੀ। ਕਹਿੰਦੇ ਹਨ ਕਿ ਕੁਝ ਮੈਚਾਂ ਵਿਚ ਜਦੋਂ ਉਹ ਬੋਲਡ ਹੁੰਦਾ ਸੀ ਤਾਂ ਖੁਦ ਹੀ ਵੇਲਸ ਚੁੱਕ ਕੇ ਵਿਕਟਾਂ 'ਤੇ ਰੱਖ ਦਿੰਦਾ ਸੀ। ਕਿਸੇ ਗੇਂਦਬਾਜ਼ ਜਾਂ ਕਪਤਾਨ ਦੀ ਉਸ ਦੇ ਸਾਹਮਣੇ ਚੱਲਦੀ ਨਹੀਂ ਸੀ। ਇੱਥੋਂ ਤਕ ਕਿ ਅੰਪਾਇਰ ਨੂੰ ਬੱਲਾ ਦਿਖਾਉਣਾ ਉਸਦੇ ਲਈ ਆਮ ਗੱਲ ਸੀ। ਗ੍ਰੇਸ ਨੂੰ 'ਮੋਂਟੀ ਪਾਏਥਨ' ਤੇ 'ਹਾਲੀ ਗ੍ਰੇਲ' ਫਿਲਮ ਵਿਚ ਭਗਵਾਨ ਦੇ ਤੌਰ 'ਤੇ ਵੀ ਦਿਖਾਇਆ ਗਿਆ ਹੈ।
ਗ੍ਰੇਸ ਨੇ 1879 ਵਿਚ ਡਾਕਟਰੀ ਪਾਸ ਕੀਤੀ ਸੀ। ਵੈਸੇ ਬਚਪਨ ਤੋਂ ਹੀ ਉਹ ਸ਼ਰਾਰਤੀ ਸੁਭਾਅ ਦਾ ਸੀ। ਡਾਓਨਐਂਡ ਵਿਚ ਜਨਮੇ ਗ੍ਰੇਸ ਨੂੰ 1863 ਵਿਚ ਨਿਮੋਨੀਆ ਹੋ ਗਿਆ ਸੀ। ਇਸਦੇ ਇਲਾਜ ਦੌਰਾਨ ਗ੍ਰੇਸ ਦੇ ਸਰੀਰ ਵਿਚ ਜ਼ਬਰਦਸਤ ਬਦਲਾਅ ਆਇਆ ਤੇ ਉਸਦਾ ਕੱਦ 6 ਫੁੱਟ 2 ਇੰਚ ਤਕ ਜਾ ਪਹੁੰਚਿਆ ਸੀ।
ਗ੍ਰੇਸ ਦੇ ਰਿਕਾਰਡ : 1876 ਵਿਚ ਲਗਾਤਾਰ ਦੋ ਤਿਹਰੇ ਸੈਂਕੜੇ ਲਾਏ। 1871 ਦੇ ਸੈਸ਼ਨ ਵਿਚ 2739 ਦੌੜਾਂ ਬਣਾਈਆਂ। ਮਈ ਮਹੀਨੇ ਵਿਚ 1895 ਦੌੜਾਂ, 100 ਸੈਂਕੜੇ ਲਾਉਣ ਵਾਲਾ ਪਹਿਲਾ ਬੱਲੇਬਾਜ਼, ਇੰਗਲੈਂਡ ਵਲੋਂ ਡੈਬਿਊ ਮੈਚ ਵਿਚ ਸੈਂਕੜਾ ਲਾਉਣ ਵਾਲਾ ਪਹਿਲਾ ਬੱਲੇਬਾਜ਼ ਹੈ।