ਵਿਸ਼ਵ ਕੱਪ ਖੇਡਣ ਲਈ ਵਿਜੇ ਸ਼ੰਕਰ ਨੇ ਛੱਤ ''ਤੇ ਕੀਤੀ ਸੀ ਪ੍ਰੈਕਟਿਸ
Tuesday, Apr 16, 2019 - 04:35 PM (IST)

ਨਵੀਂ ਦਿੱਲੀ : ਨਿਦਹਾਸ ਟਰਾਫੀ ਦੇ ਫਾਈਨਲ ਦਾ ਹੀਰੋ ਸਭ ਨੂੰ ਯਾਦ ਹੈ। ਦਿਨੇਸ਼ ਕਾਰਤਿਕ ਨੇ ਆਖਰੀ ਗੇਂਦ 'ਤੇ ਛੱਕਾ ਮਾਰ ਕੇ ਮੈਚ ਨੂੰ ਜਿੱਤਾ ਦਿੱਤਾ ਸੀ ਪਰ ਇਹ ਮੈਚ ਆਖਰੀ ਛੱਕੇ ਤੱਕ ਪਹੁੰਚਣ ਦਾ ਕਾਰਨ ਵਿਜੇ ਸ਼ੰਕਰ ਹੀ ਸੀ। ਸਭ ਨੂੰ ਯਾਦ ਹੋਵੇਗਾ ਜਦੋਂ ਵਿਜੇ ਕ੍ਰੀਜ਼ 'ਤੇ ਆਏ ਤਾਂ ਟੀਮ ਨੂੰ 40 ਗੇਂਦਾਂ 'ਤੇ 69 ਦੌੜਾਂ ਜ਼ਰੂਰਤ ਸੀ ਪਰ ਵਿਜੇ ਦੇ ਬੱਲੇ 'ਤੇ ਉਸ ਦਿਨ ਗੇਂਦ ਹੀ ਨਹੀਂ ਸੀ ਲੱਗ ਰਹੀ। ਸਭ ਤੋਂ ਮੁਸ਼ਕਲ ਮੁਸਤਫਿਜ਼ੁਰ ਦੀਆਂ ਗੇਂਦਾਂ ਪੈਦਾ ਕਰ ਰਹੀਆਂ ਸੀ। ਜਦੋਂ ਤੱਕ ਵਿਜੇ ਸ਼ੰਕਰ ਆਊਟ ਹੋਏ ਤਾਂ ਲਗਭਗ ਮੈਚ ਭਾਰਤ ਦੇ ਹੱਥੋਂ ਨਿਕਲ ਚੁੱਕਾ ਸੀ ਪਰ ਆਖਰ 'ਚ ਕਾਰਤਿਕ ਨੇ ਤੂਫਾਨੀ ਪਾਰੀ ਖੇਡੀ ਨਹੀਂ ਤਾਂ ਬੰਗਲਾਦੇਸ਼ ਹੱਥੋਂ ਹਾਰ ਪੱਕੀ ਸੀ। 18 ਮਾਰਚ 2018 ਦਾ ਇਹ ਦਿਨ ਵਿਜੇ ਸ਼ੰਕਰ ਲਈ ਹਾਦਸੇ ਤੋਂ ਘੱਟ ਨਹੀਂ ਸੀ। ਟਰਾਫੀ ਜਿੱਤਣ ਤੋਂ ਬਾਅਦ ਟੀਮ ਜਸ਼ਨ ਮਨਾ ਰਹੀ ਸੀ ਪਰ ਵਿਜੇ ਇਸ ਦੌਰਾਨ ਪਿੱਛੇ ਖੜੇ ਰਹੇ। ਸੋਸ਼ਲ ਸਾਈਟ 'ਤੇ ਵੀ ਵਿਜੇ ਸ਼ੰਕਰ ਨੂੰ ਟਰੋਲ ਕੀਤਾ ਜਾਣ ਲੱਗਾ। ਵਿਜੇ ਸ਼ੰਕਰ ਨੇ ਮੀਡੀਆ ਨੂੰ ਦੱਸਿਆ ਕਿ ਇਸ ਟਰੋਲਿੰਗ ਤੋਂ ਉਹ ਕੁੱਝ ਦਿਨ ਪਰੇਸ਼ਾਨ ਰਹੇ ਪਰ ਇਸ ਨੇ ਉਸ ਨੂੰ ਮਜ਼ਬੂਤ ਬਣਾਇਆ। ਵਿਜੇ ਨੂੰ ਦਿਨੇਸ਼ ਕਾਰਤਿਕ ਅਤੇ ਰੋਹਿਤ ਸ਼ਰਮਾ ਨੇ ਵੀ ਸਮਝਾਇਆ ਕਿ ਉਸ ਦੇ ਨਾਲ ਜੋ ਹੋਇਆ ਉਹ ਕਿਸੇ ਨਾਲ ਵੀ ਹੋ ਸਕਦਾ ਹੈ।
ਨਿਦਹਾਸ ਟਰਾਫੀ ਦੇ ਉਸ ਬੁਰੇ ਸੁਪਨੇ ਨੂੰ ਭੁੱਲ ਕੇ ਸ਼ੰਕਰ ਇੰਡੀਆ-ਏ ਅਤੇ ਤਾਮਿਲਨਾਡੂ ਲਈ ਚੰਗਾ ਖੇਡੇ। ਦਸੰਬਰ 2018 ਵਿਚ ਉਹ ਇੰਡੀਆ-ਏ ਵੱਲੋਂ ਨਿਊਜ਼ੀਲੈਂਡ ਗਏ। ਉੱਥੇ ਹੀ ਉਸ ਨੇ ਇੰਡੀਆ ਵੱਲੋਂ ਸਭ ਤੋਂ ਵੱਧ 188 ਦੌੜਾਂ ਬਣਾਈਆਂ। 94 ਦੀ ਐਸਤ ਅਤੇ 105 ਦੀ ਸਟ੍ਰਾਈਕ ਰੇਟ ਨਾਲ ਖੇਡਣ ਵਾਲੇ ਵਿਜੇ ਸ਼ੰਕਰ ਦੀ ਬਦੌਲਤ ਇੰਡੀਆ-ਏ ਨੇ ਇਹ ਸੀਰੀਜ਼ 3-0 ਨਾਲ ਜਿੱਤੀ। ਨਿਊਜ਼ੀਲੈਂਡ ਵਿਚ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵਿਜੇ ਸ਼ੰਕਰ ਨੂੰ ਭਾਰਤੀ ਟੀਮ ਲਈ ਸੱਦਾ ਮਿਲਿਆ। ਹਾਰਦਿਕ ਪੰਡਯਾ ਦੇ ਕਾਫੀ ਵਿਦ ਕਰਨ ਸ਼ੋਅ ਵਿਵਾਦ ਤੋਂ ਬਾਅਦ ਭਾਰਤੀ ਟੀਮ ਨੂੰ ਆਲਰਾਊਂਡਰ ਦੀ ਜ਼ਰੂਰਤ ਸੀ। ਜਿਸ ਕਾਰਨ ਵਿਜੇ ਸ਼ੰਕਰ ਇਕ ਵਾਰ ਫਿਰ ਭਾਰਤੀ ਟੀਮ ਲਈ ਖੇਡਣ ਦਾ ਮੌਕਾ ਮਿਲਿਆ।
ਪਿਤਾ ਅਤੇ ਭਰਾ ਨੇ ਦਿੱਤਾ ਸਾਥ
ਵਿਜੇ ਨੇ ਇੱਥੇ ਤੱਕ ਪਹੁੰਚਣ ਵਿਚ ਉਸ ਦੇ ਪਿਤਾ ਅਤੇ ਭਰਾ ਅਜੇ ਦਾ ਵੱਡਾ ਰੋਲ ਹੈ। ਅਜੇ ਨੇ ਤਾਮਿਲਨਾਡੂ ਲਈ ਲੋਅਰ ਡਿਵਿਜ਼ਨ ਕ੍ਰਿਕਟ ਖੇਡਿਆ ਹੈ। ਭਰਾ ਤੇ ਪਿਤਾ ਨੇ ਵਿਜੇ ਲਈ ਛੱਤ 'ਤੇ ਨੈਟਸ ਲਗਾ ਦਿੱਤੇ ਤਾਂ ਜੋ ਉਹ ਪ੍ਰੈਕਟਿਸ ਕਰ ਸਕੇ। ਸ਼ੰਕਰ ਨੂੰ ਹੁਣ ਤੁਸੀਂ ਤੇਜ਼ ਗੇਂਦ ਕਰਦਿਆਂ ਦੇਖਦੇ ਹੋ ਪਰ 20 ਸਾਲ ਦੀ ਉਮਰ ਤੱਕ ਉਹ ਸਪਿਨ ਗੇਂਦ ਹੀ ਕਰਦੇ ਸੀ। ਹੁਣ ਉਸ ਨੂੰ ਸਮਝ ਆ ਗਿਆ ਕਿ ਸਪਿਨਰਾਂ ਨਾਲ ਭਰੀ ਤਾਨਿਲਨਾਡੂ ਦੀ ਟੀਮ ਵਿਚ ਸਪਿਨ ਗੇਂਦ ਨਾਲ ਕੰਮ ਨਹੀਂ ਚੱਲੇਗਾ। ਇਸ ਲਈ ਉਹ ਤੇਜ਼ ਗੇਂਦਬਾਜ਼ੀ ਕਰਨ ਲੱਗੇ।
ਸ਼ੰਕਰ ਦਾ ਡੋਮੈਸਟਿਕ ਕਰੀਅਰ
ਵਿਜੇ ਦੇ ਡੋਮੈਸਟਿਕ ਕਰੀਅਰ ਦੀ ਗੱਲ ਕਰੀਏ ਤਾਂ ਅਜੇ ਤੱਕ 41 ਫਰਸਟ ਕਲਾਸ ਮੈਚਾਂ ਵਿਚ 47.70 ਦੀ ਔਸਤ ਨਾਲ ਉਸ ਨੇ 2099 ਦੌੜਾਂ ਬਣਾਈਆਂ ਹਨ। ਲਿਸਟ ਏ ਕਰੀਅਰ ਨੂੰ ਦੇਖੋ ਤਾਂ ਵਿਜੇ ਦੇ ਨਾਂ 58 ਮੈਚਾਂ ਵਿਚ 37.12 ਦੀ ਔਸਤ ਨਾਲ 1448 ਦੌੜਾਂ ਹਨ। ਟੀ-20 ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ 59 ਮੈਚਾਂ ਵਿਚ 27.26 ਦੀ ਔਸਤ ਅਤੇ 126.23 ਦੀ ਸਟ੍ਰਾਈਕ ਰੇਟ ਦੇ ਨਾਲ 818 ਦੌੜਾਂ ਬਣਾਈਆਂ ਹਨ ਪਰ ਇਹ ਸਾਰਾ ਸਟ੍ਰਾਈਕ ਰੇਟ, ਔਸਤ, ਸਕੋਰ ਅਤੇ ਆਲਰਾਊਂਡਰ ਹੋਣ ਦੀ ਕਲਾ ਟੀਮ ਇੰਡੀਆ ਦੇ ਕਿੰਨੇ ਕੰਮ ਆਉਂਦੀ ਹੈ ਇਹ ਦੇਖਣ ਦਿਲਚਸਪ ਹੋਵੇਗਾ। ਫਿਲਹਾਲ ਹਾਰਦਿਕ ਆਲਰਾਊਂਡਰ ਦੇ ਤੌਰ 'ਤੇ ਵਿਰਾਟ ਕੋਹਲੀ ਦੀ ਪਹਿਲੀ ਪਸੰਦ ਹੈ। ਅਜਿਹੇ 'ਚ ਵਿਜੇ ਇਸ ਮੌਕੇ ਦਾ ਜਿੰਨਾ ਫਾਇਦਾ ਚੁੱਕ ਸਕਦਾ ਹੈ ਉਸ ਦੇ ਕਰੀਅਰ ਲਈ ਚੰਗਾ ਹੋਵੇਗਾ।