ਵਸੀਮ ਅਕਰਮ ਨੇ ਦੱਸਿਆ ਕੌਣ ਜਿੱਤੇਗਾ ਇਸ ਵਾਰ ਵਨ ਡੇ ਵਿਸ਼ਵ ਕੱਪ ਖਿਤਾਬ
Saturday, Feb 09, 2019 - 10:18 AM (IST)
ਕਰਾਚੀ— ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋ ਰਹੇ ਆਈ.ਸੀ.ਸੀ. ਵਨ ਡੇ ਵਿਸ਼ਵ ਕੱਪ ਲਈ ਸਾਰੀਆਂ 10 ਟੀਮਾਂ ਆਪਣੀ ਸਰਵਸ੍ਰੇਸ਼ਠ ਟੀਮ ਚੁਣਨ ਦੀ ਪ੍ਰਕਿਰਿਆ 'ਚ ਰੁੱਝੀਆਂ ਹੋਈਆਂ ਹਨ। ਇਸ ਵਿਚਾਲੇ ਕ੍ਰਿਕਟ ਮਾਹਰਾਂ ਤੋਂ ਲੈ ਕੇ ਸਾਬਕਾ ਕ੍ਰਿਕਟਰਾਂ ਤਕ, ਸਾਰਿਆਂ ਨੇ ਆਪਣੀ-ਆਪਣੀ ਫੇਵਰੇਟ ਟੀਮਾਂ ਦਾ ਐਲਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਦਿੱਗਜ ਸਵਿੰਗ ਗੇਂਦਬਾਜ਼ ਰਹੇ ਵਸੀਮ ਅਕਰਮ ਨੇ ਵੀ ਭਾਰਤ ਨੂੰ ਖਿਤਾਬ ਦਾ ਦਾਅਵੇਦਾਰ ਦੱਸਿਆ ਹੈ। ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਦੀਆਂ ਸੰਭਾਵਨਾਵਾਂ ਨੂੰ ਵੀ ਖਾਰਜ ਨਹੀਂ ਕੀਤਾ ਹੈ ਅਤੇ ਨਿਊਜ਼ੀਲੈਂਡ ਨੂੰ ਵੀ ਖਿਤਾਬ ਦੀ ਦਾਅਵੇਦਾਰੀ 'ਚ ਸ਼ਾਮਲ ਕੀਤਾ ਹੈ।
'ਭਾਰਤ ਸਭ ਤੋਂ ਫੇਵਰਟ, ਪਾਕਿਸਤਾਨ ਦੀਆਂ ਸੰਭਾਵਨਾਵਾਂ ਹਨ'
ਸਾਲ 1992 'ਚ ਪਾਕਿਸਤਾਨ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਅਤੇ ਸਾਲ 1999 ਦੇ ਵਨ ਡੇ ਵਿਸ਼ਵ ਕੱਪ 'ਚ ਪਾਕਿਸਤਾਨੀ ਟੀਮ ਨੁੰ ਫਾਈਨਲ 'ਚ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਸ 52 ਸਾਲਾ ਸਾਬਕਾ ਤੇਜ਼ ਗੇਂਦਬਾਜ਼ ਨੇ ਭਾਰਤ ਨੂੰ ਵਿਸ਼ਵ ਕੱਪ ਦਾ ਮਜ਼ਬੂਤ ਦਾਅਵੇਦਾਰ ਦੱਸਿਆ। ਜਦਕਿ, ਅਕਰਮ ਪਾਕਿਸਤਾਨ ਕ੍ਰਿਕਟ ਟੀਮ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵੀ ਹਾਂ ਪੱਖੀ ਦਿਸੇ। 'ਟਾਈਮਸ ਆਫ ਇੰਡੀਆ' ਲਈ ਲਿਖੇ ਆਪਣੇ ਕਾਲਮ 'ਚ ਵਸੀਮ ਅਕਰਮ ਨੇ ਲਿਖਿਆ, ''ਪਾਕਿਸਤਾਨ ਹਮੇਸ਼ਾ ਤੋਂ ਅਜਿਹੀ ਟੀਮ ਰਹੀ ਹੈ ਜਿਸ ਨੂੰ ਲੋਕ ਖੇਡਦੇ ਹੋਏ ਦੇਖਣਾ ਪਸੰਦ ਕਰਦੇ ਹਨ ਅਤੇ ਉਸ ਨੂੰ ਫਾਲੋ ਕਰਦੇ ਹਨ। ਤੁਸੀਂ ਪਾਕਿਸਤਾਨੀ ਟੀਮ ਨੂੰ ਨਕਾਰ ਨਹੀਂ ਸਕਦੇ। ਪਰ ਭਾਰਤ ਮੈਨੂੰ ਸਭ ਤੋਂ ਵੱਡਾ ਦਾਅਵੇਦਾਰ ਦਿਸ ਰਿਹਾ ਹੈ। ਨਿਊਜ਼ੀਲੈਂਡ ਵੀ ਡਾਰਕ ਹਾਰਸ ਹੈ।''
