ਵਾਡਾ ਰਿਪੋਰਟ : ਯੂਸਫ ਪਠਾਨ ਨੂੰ ਛੱਡ ਕੇ ਡੋਪ ਮੁਕਤ ਸਾਲ ਰਿਹਾ BCCI ਲਈ
Wednesday, Jul 25, 2018 - 02:18 AM (IST)
ਨਵੀਂ ਦਿੱਲੀ- ਯੂਸਫ ਪਠਾਨ ਦੀ 'ਅਣਜਾਣੇ' ਵਿਚ ਕੀਤੀ ਗਈ ਗਲਤੀ ਪਿਛਲੇ ਸਾਲ ਭਾਰਤੀ ਕ੍ਰਿਕਟ ਡੋਪਿੰਗ ਰਿਕਾਰਡ ਵਿਚ ਇਕਲੌਤਾ ਕਲੰਕ ਰਿਹਾ। ਵਾਡਾ ਰਿਪੋਰਟ ਵਿਚ ਇਸਦਾ ਖੁਲਾਸਾ ਕੀਤਾ ਗਿਆ ਹੈ, ਜਿਹੜੀ ਬੀ. ਸੀ. ਸੀ. ਆਈ. ਦੀ 275 ਨਮੂਨਿਆਂ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਹੈ।
ਵਾਡਾ ਰਿਪੋਰਟ ਵਿਚ ਕਿਸੇ ਖਿਡਾਰੀ ਦਾ ਨਾਂ ਨਹੀਂ ਦਿੱਤਾ ਗਿਆ ਹੈ ਪਰ ਜਿਸ ਕ੍ਰਿਕਟਰ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸਾਬਕਾ ਭਾਰਤੀ ਕ੍ਰਿਕਟਰ ਯੂਸਫ ਪਠਾਨ ਹੈ, ਜਿਸ 'ਤੇ ਬੀ. ਸੀ. ਸੀ. ਆਈ. ਨੇ 5 ਮਹੀਨੇ ਦੀ ਪਾਬੰਦੀ ਲਾਈ ਸੀ ਤੇ ਜਿਹੜੀ ਇਸ ਸਾਲ ਆਈ. ਪੀ. ਐੱਲ. ਤੋਂ ਪਹਿਲਾਂ ਹੀ ਖਤਮ ਹੋ ਗਈ ਸੀ। ਬੀ. ਸੀ. ਸੀ. ਆਈ. ਨੇ ਤਦ ਜਿਹੜਾ ਬਿਆਨ ਜਾਰੀ ਕੀਤਾ ਸੀ, ਉਸਦੇ ਅਨੁਸਾਰ ਯੂਸਫ ਪਠਾਨ ਨੇ 'ਖਾਂਸੀ ਦੀ ਦਵਾਈ ਵਿਚ ਪਾਏ ਜਾਣ ਵਾਲੇ ਪਾਬੰਦੀਸ਼ੁਦਾ ਪਦਾਰਥ ਅਣਜਾਣੇ ਵਿਚ ਲੈ ਲਏ ਸਨ।''
ਪਠਾਨ ਨੂੰ ਇਸ ਵਜ੍ਹਾ ਨਾਲ 15 ਅਗਸਤ 2017 ਤੋਂ 14 ਜਨਵਰੀ 2018 ਤਕ ਮੁਅੱਤਲ ਕੀਤਾ ਗਿਆ ਸੀ। ਪ੍ਰਤੀਕੂਲ ਵਿਸ਼ਲੇਸ਼ਣਾਤਮਕ ਖੋਜ (ਏ. ਏ. ਐੱਫ.) ਵਿਚ ਪਠਾਨ ਇਕੱਲਾ ਮਾਮਲਾ ਸੀ ਪਰ ਅਨਿਯਮਿਤ ਜਾਂਚ (ਏ. ਟੀ. ਐੱਫ.) ਵਿਚ ਕਿਹਾ ਗਿਆ ਹੈ ਕਿ 2 ਖਿਡਾਰੀਆਂ ਦੇ ਪੇਸ਼ਾਬ ਦੇ ਨਮੂਨੇ ਸ਼ੱਕੀ ਸਨ। ਹਾਲਾਂਕਿ ਇਹ ਨਿਰਧਾਰਤ ਨਹੀਂ ਹੋ ਸਕਿਆ ਕਿ ਇਨ੍ਹਾਂ 2 ਖਿਡਾਰੀਆਂ ਵਿਚ ਕੋਈ ਵਿਦੇਸ਼ੀ ਖਿਡਾਰੀ ਸ਼ਾਮਲ ਸੀ ਜਾਂ ਨਹੀਂ।
