ਨਿਸ਼ਾਨੇਬਾਜ਼ੀ ਵਿਸ਼ਵ ਕੱਪ ਫਾਈਨਲ ’ਚ ਵਿਵਾਨ ਨੂੰ ਚਾਂਦੀ, ਨਰੂਕਾ ਨੂੰ ਕਾਂਸੀ ਤਮਗਾ
Friday, Oct 18, 2024 - 02:33 PM (IST)
ਨਵੀਂ ਦਿੱਲੀ- ਅਨੰਤਜੀਤ ਸਿੰਘ ਨਰੂਕਾ ਦੇ ਪੁਰਸ਼ ਸਕੀਟ ’ਚ ਕਾਂਸੀ ਤਮਗੇ ਤੋਂ ਬਾਅਦ ਵਿਵਾਨ ਕਪੂਰ ਨੇ ਪੁਰਸ਼ ਟਰੈਪ ਮੁਕਾਬਲੇ ’ਚ ਚਾਂਦੀ ਦਾ ਤਮਗਾ ਜਿੱਤਿਆ, ਜਿਸ ਨਾਲ ਵੀਰਵਾਰ ਨੂੰ ਇਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਨਿਸ਼ਾਨੇਬਾਜ਼ੀ ਫਾਈਨਲ ’ਚ ਭਾਰਤ ਦੇ ਤਮਗਿਆਂ ਦੀ ਸੂਚੀ 4 ਹੋ ਗਈ। ਵਿਵਾਨ ਨੇ ਫਾਈਨਲ ਵਿਚ 44 ਦਾ ਸਕੋਰ ਬਣਾਇਆ ਅਤੇ ਉਹ ਚੀਨ ਦੇ ਸੋਨ ਤਮਗਾ ਜੇਤੂ ਯਿੰਗ ਕੀ ਨਾਲੋਂ ਪਿੱਛੇ ਰਿਹਾ। ਤੁਰਕੀ ਦੇ ਟੋਲਗਾ ਐੱਨ ਟੂੰਸਰ ਨੇ 35 ਦੇ ਸਕੋਰ ਨਾਲ ਕਾਂਸੀ ਤਮਗਾ ਜਿੱਤਿਆ। ਵਿਵਾਨ ਨੇ ਕੁਆਲੀਫੀਕੇਸ਼ਨ ’ਚ ਜਗ੍ਹਾ ਬਣਾਈ ਸੀ। ਇਸ ਤੋਂ ਪਹਿਲਾਂ ਰਾਜਸਥਾਨ ਦੇ 26 ਸਾਲਾ ਨਰੂਕਾ ਨੇ 6 ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ 43 ਦੇ ਸਕੋਰ ਨਾਲ ਤੀਜਾ ਸਥਾਨ ਹਾਸਲ ਕੀਤਾ।
ਇਟਲੀ ਦੇ ਤਾਮਾਰੋ ਕਾਸਾਂਦਰੋ ਨੂੰ ਸੋਨ ਅਤੇ ਗੈਬ੍ਰੀਯੇਲੇ ਰੋਸੇਤੀ ਨੂੰ ਚਾਂਦੀ ਦਾ ਤਮਗਾ ਮਿਲਿਆ, ਜਿਨ੍ਹਾਂ ਨੇ ਕ੍ਰਮਵਾਰ 57 ਅਤੇ 56 ਸਕੋਰ ਕੀਤਾ। ਨਰੂਕਾ ਨੇ ਕੁਆਲੀਫੀਕੇਸ਼ਨ ਦੌਰ ’ਚ 125 ’ਚੋਂ 121 ਸਕੋਰ ਕੀਤਾ ਸੀ। ਭਾਰਤ ਲਈ ਸੋਨਮ ਮਸਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ’ਚ ਚਾਂਦੀ ਅਤੇ ਅਖਿਲ ਸ਼ਯੋਰਾਣ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜੀਸ਼ਨ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਨਰੂਕਾ ਅਤੇ ਮਹੇਸ਼ਵਰੀ ਚੌਹਾਨ ਪੈਰਿਸ ਓਲੰਪਿਕ ’ਚ ਸਕੀਟ ਮਿਕਸਡ ਟੀਮ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਹੇ ਸਨ।