ਜਦੋਂ ਆਨੰਦ ਨੂੰ ਵਿਰੋਧੀ ਨੇ ਦੱਸਿਆ ਕਮਜ਼ੋਰ ਫਿਰ ਵਿਸ਼ਵ ਚੈਂਪੀਅਨ ਬਣ ਕੇ ਦਿਖਾਇਆ ਆਪਣਾ ਦਮ
Sunday, Dec 15, 2019 - 07:42 PM (IST)

ਨਵੀਂ ਦਿੱਲੀ : ਸਟਾਰ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਦੱਸਿਆ ਕਿ ਅਨਾਤੋਲੀ ਕਾਰਪੋਵ ਨੇ ਇਕ ਵਾਰ ਉਸ 'ਤੇ ਤਾਅਨਾ ਮਾਰਦੇ ਹੋਏ ਕਿਹਾ ਸੀ ਕਿ ਇਸ ਭਾਰਤੀ ਖਿਡਾਰੀ ਵਿਚ ਵੱਡੇ ਮੈਚ ਜਿੱਤਣ ਦਾ ਜਜ਼ਬਾ ਨਹੀਂ ਹੈ, ਜਿਸ ਦਾ ਉਸ 'ਤੇ ਡੂੰਘਾ ਅਸਰ ਪਿਆ ਸੀ ਤੇ ਇਸ ਤੋਂ ਬਾਅਦ ਉਹ ਸ਼ਤਰੰਜ ਦੀ ਦੁਨੀਆ ਵਿਚ ਰੂਸ ਦੇ ਖਿਡਾਰੀ ਜਿੰਨਾ ਹੀ ਵੱਡਾ ਨਾਂ ਬਣਿਆ। ਵਿਸ਼ਵ ਚੈਂਪੀਅਨਸ਼ਿਪ 1998 ਦੇ ਫਾਈਨਲ ਵਿਚ ਆਨੰਦ ਨੂੰ ਹਰਾਉਣ ਤੋਂ ਬਾਅਦ ਕਾਰਪੋਵ ਨੇ ਕਿਹਾ ਸੀ, ''ਵਿਸ਼ੀ (ਵਿਸ਼ਵਨਾਥਨ ਆਨੰਦ) ਚੰਗਾ ਵਿਅਕਤੀ ਹੈ ਪਰ ਉਸ ਵਿਚ ਵੱਡੇ ਮੈਚ ਜਿੱਤਣ ਦਾ ਜਜਬਾ ਨਹੀਂ ਹੈ।''
ਆਨੰਦ ਨੇ ਹਾਲ ਹੀ ਵਿਚ ਜਾਰੀ ਆਪਣੀ ਆਤਮਕਥਾ 'ਮਾਈਂਡ ਮਾਸਟਰ-ਵਿਨਿੰਗ ਲੈਸਨ ਫਰਾਮ ਏ ਚੈਂਪੀਅਨ ਲਾਈਫ' ਵਿਚ ਇਸ ਟਿੱਪਣੀ ਦਾ ਜ਼ਿਕਰ ਕੀਤਾ ਹੈ। ਕਾਰਪੋਵ ਨੇ ਇਕ ਪੱਤਰਕਾਰ ਨੂੰ ਇਹ ਟਿੱਪਣੀ ਕੀਤੀ ਸੀ ਜਦਕਿ ਆਨੰਦ ਤੇ ਉਸਦੀ ਪਤਨੀ ਫਾਈਨਲ ਦੇ ਨਾਲ ਉਸਦੇ ਨਾਲ ਵਾਲੀ ਟੇਬਲ 'ਤੇ ਬੈਠੇ ਸਨ।
ਆਨੰਦ ਨੇ ਕਿਤਾਬ ਵਿਚ ਲਿਖਿਆ, ''ਉਸਦੇ ਸ਼ਬਦਾਂ ਨੇ ਮੈਨੂੰ ਝਝੰੜੋ ਕੇ ਰੱਖ ਦਿੱਤਾ। ਇਹ ਬੇਹੱਦ ਘਟੀਆ ਅਹਿਸਾਸ ਸੀ ਕਿ ਮੈਨੂੰ ਅਜਹੇ ਖਿਡਾਰੀ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਜਿਹੜਾ ਚੰਗਾ ਹੈ ਪਰ ਜਿਸ ਵਿਚ ਵੱਡੇ ਮੈਚ ਜਿੱਤਣ ਲਈ ਦ੍ਰਿੜ ਵਿਸ਼ਵਾਸ ਦੀ ਕਮੀ ਹੈ। ਮੈਂ ਆਪਣੀ ਸਮਰੱਥਾ ਦਿਖਾਉਣ ਲਈ ਸਖਤ ਮਿਹਨਤ ਕਰ ਰਿਹਾ ਸੀ ਤੇ ਇਸ ਤਾਅਨੇ ਨੇ ਮੇਰੇ ਅੰਦਰ ਮੌਜੂਦ ਉਸ ਦ੍ਰਿੜ ਵਿਸ਼ਵਾਸ ਨੂੰ ਹੋਰ ਮਜਬੂਤ ਕਰ ਦਿੱਤਾ, ਉਹ ਕੋਈ ਚੀਜ਼ ਮਾਇਨੇ ਨਹੀਂ ਰੱਖਦੀ ਸੀ, ਮੈਨੂੰ ਹੁਣ ਖਿਤਾਬ ਜਿੱਤਣਾ ਸੀ।'' ਇਸ ਘਟਨਾ ਤੋਂ ਬਾਅਦ ਭਰਤੀ ਗ੍ਰੈਂਡਮਾਸਟਰ ਨੇ ਆਪਣੇ ਕਰੀਅਰ ਨੂੰ ਲੈ ਕੇ ਆਤਮਮੰਥਨ ਕੀਤਾ।
ਆਨੰਦ ਨੇ ਲਿਖਿਆ, ''ਇਹ ਸੰਭਾਵਿਤ ਸਹੀ ਸੀ ਕਿ ਮੇਰੇ ਅੰਦਰ ਜਜਬੇ ਦੀ ਕਮੀ ਸੀ ਤੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਣ ਲਈ ਮਾਨਸਿਕ ਤੌਰ ਨਾਲ ਮਜ਼ਬੂਤ ਨਹੀਂ ਸੀ। ਆਪਣੇ ਕਰੀਅਰ ਵਿਚ ਲੰਬੇ ਸਮੇਂ ਤਕ ਵਿਸ਼ਵ ਚੈਂਪੀਅਨ ਬਣਨ ਦੇ ਜਜਬਾਤ ਨੂੰ ਲੈ ਕੇ ਮੇਰੇ ਅੰਦਰ ਜਨੂਨ ਨਹੀਂ ਸੀ।'' ਸਾਲ 2000 ਵਿਚ ਫਿਡੇ ਚੈਂਪੀਅਨਸ਼ਿਪ ਦਾ ਪਹਿਲਾ ਗੇੜ ਨਵੀਂ ਦਿੱਲੀ ਵਿਚ ਖੇਡਿਆ ਗਿਆ ਤੇ ਆਨੰਦ ਨੇ ਘਰੇਲੂ ਹਾਲਾਤ ਦਾ ਪੂਰਾ ਫਾਇਦਾ ਚੁੱਕਦੇ ਹੋਏ ਫਾਈਨਲ ਵਿਚ ਜਗ੍ਹਾ ਬਣਾਈ ਜਿਹੜਾ ਤਹਿਰਾਨ ਵਿਚ ਖੇਡਿਆ ਜਾਣਾ ਸੀ। ਫਾਈਨਲ ਵਿਚ ਵੀ ਆਨੰਦ ਦਾ ਰਸਤਾ ਆਸਾਨ ਰਿਹਾ। ਪਹਿਲੀ ਬਾਜ਼ੀ ਡਰਾਅ ਖੇਡਣ ਤੋਂ ਬਾਅਦ ਆਨੰਦ ਨੇ ਅਗਲੀਆਂ ਤਿੰਨ ਬਾਜ਼ੀਆਂ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ ਅਤੇ ਅੰਤ ਵਿਚ ਵਿਸਵ ਚੈਂਪੀਅਨ ਬਣਇਆ।