ਵਿਰਾਟ ਨੇ ਸੁਪਰਮੈਨ ਵਾਂਗ ਕੀਤਾ ਸ਼ਾਨਦਾਰ ਕੈਚ, ਵੇਖ ਹਰ ਕੋਈ ਕਹਿ ਉਠਿਆ ਵਾਹ (ਵੀਡੀਓ)

10/17/2022 5:09:25 PM

ਗਾਬਾ : ਟੀ20 ਵਿਸ਼ਵ ਕੱਪ ਵਿੱਚ ਭਾਰਤ ਅਤੇ ਆਸਟਰੇਲੀਆ ਦਰਮਿਆਨ ਖੇਡੇ ਗਏ ਅਭਿਆਸ ਮੈਚ ਵਿੱਚ ਵਿਰਾਟ ਕੋਹਲੀ ਦੇ ਜ਼ਬਰਦਸਤ ਕੈਚ ਨੇ ਖੇਡ ਦਾ ਰੁਖ ਹੀ ਬਦਲ ਦਿੱਤਾ। ਆਸਟ੍ਰੇਲੀਆ ਨੂੰ ਆਖਰੀ ਓਵਰ 'ਚ 11 ਦੌੜਾਂ ਦੀ ਲੋੜ ਸੀ ਪਰ ਮੁਹੰਮਦ ਸ਼ੰਮੀ ਨੇ ਆਖਰੀ ਓਵਰ 'ਚ ਜ਼ਬਰਦਸਤ ਗੇਂਦਬਾਜ਼ੀ ਕੀਤੀ। ਸ਼ੰਮੀ ਨੇ ਆਖਰੀ ਓਵਰ 'ਚ ਸਿਰਫ 4 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰਦੇ ਹੋਏ ਆਸਟ੍ਰੇਲੀਆ ਨੂੰ 180 ਦੌੜਾਂ 'ਤੇ ਢੇਰ ਕਰ ਦਿੱਤਾ ਤੇ ਭਾਰਤ ਨੇ 6 ਦੌੜਾਂ ਨਾਲ ਮੈਚ ਜਿੱਤ ਲਿਆ। ਹਾਲਾਂਕਿ, ਸ਼ੰਮੀ ਦੇ ਆਖ਼ਰੀ ਓਵਰ ਦੀ ਤੀਜੀ ਗੇਂਦ 'ਤੇ ਕੋਹਲੀ ਨੇ ਬਾਊਂਡਰੀ 'ਤੇ ਚੀਤੇ ਦੀ ਫੁਰਤੀ ਵਾਂਗ ਉਛਲ ਕੇ ਕੈਚ ਨਾ ਫੜ੍ਹਿਆ ਹੁੰਦਾ ਤਾਂ ਮੈਚ ਦਾ ਨਤੀਜਾ ਕੁਝ ਹੋਰ ਹੋ ਸਕਦਾ ਸੀ।

ਇਹ ਵੀ ਪੜ੍ਹੋ : ਮਨੀਸ਼ ਤੇ ਵੈਦੇਹੀ ਨੇ ਫੇਨੇਸਟਾ ਓਪਨ ਦੀ ਟਰਾਫੀ ਜਿੱਤੀ

ਸ਼ੰਮੀ ਨੇ ਆਖਰੀ ਓਵਰ ਦੀ ਤੀਜੀ ਗੇਂਦ 'ਤੇ ਪੈਟ ਕਮਿੰਸ ਨੂੰ ਲੋ ਫੁਲ-ਟਾਸ ਗੇਂਦ ਸੁੱਟੀ, ਜਿਸ 'ਤੇ ਕਮਿੰਸ ਨੇ ਛੱਕਾ ਲਗਾਉਣ ਦੀ ਕੋਸ਼ਿਸ਼ 'ਚ ਸਿੱਧਾ ਬਾਊਂਡਰੀ ਵਲ ਸ਼ਾਟ ਖੇਡਿਆ। ਪਰ ਕੋਹਲੀ ਨੇ ਬਾਊਂਡਰੀ ਲਾਈਨ 'ਤੇ ਛੱਕੇ ਵੱਲ ਵਧਦੀ ਗੇਂਦ ਨੂੰ ਬਹੁਤ ਹੀ ਹੈਰਾਨੀਜਨਕ ਢੰਗ ਨਾਲ ਕੈਚ ਕੀਤਾ। ਕੋਹਲੀ ਦੇ ਇਸ ਸ਼ਾਨਦਰ ਕੈਚ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਮੈਚ ਦੀ ਗੱਲ ਕਰੀਏ ਤਾਂ ਭਾਰਤ ਨੇ 6 ਦੌੜਾਂ ਨਾਲ ਇਹ ਮੈਚ ਜਿੱਤ ਲਿਆ। ਆਸਟ੍ਰੇਲੀਆ ਨੂੰ ਆਖਰੀ ਓਵਰ 'ਚ 11 ਦੌੜਾਂ ਦੀ ਲੋੜ ਸੀ ਪਰ ਸ਼ੰਮੀ ਨੇ ਆਖਰੀ ਓਵਰ 'ਚ ਸਿਰਫ 4 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕਰਦੇ ਹੋਏ ਆਸਟ੍ਰੇਲੀਆ ਨੂੰ 180 ਦੌੜਾਂ 'ਤੇ ਢੇਰ ਕਰ ਦਿੱਤਾ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕੇ. ਐੱਲ. ਰਾਹੁਲ (57) ਅਤੇ ਸੂਰਯਕੁਮਾਰ ਯਾਦਵ (50) ਦੇ ਧਮਾਕੇਦਾਰ ਅਰਧ ਸੈਂਕੜਿਆਂ ਦੀ ਮਦਦ ਨਾਲ ਆਸਟਰੇਲੀਆ ਦੇ ਸਾਹਮਣੇ 187 ਦੌੜਾਂ ਦਾ ਟੀਚਾ ਰੱਖਿਆ। 

ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੇ ਭਾਰਤ ਨੇ ਪਾਰੀ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਕਪਤਾਨ ਰੋਹਿਤ ਸ਼ਰਮਾ ਇਕ ਸਿਰੇ 'ਤੇ ਸ਼ਾਂਤ ਰਹੇ, ਜਦਕਿ ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ ਛੇਵੇਂ ਓਵਰ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦੋਵਾਂ ਨੇ ਪਹਿਲੀ ਵਿਕਟ ਲਈ 48 ਗੇਂਦਾਂ 'ਤੇ 78 ਦੌੜਾਂ ਦੀ ਸਾਂਝੇਦਾਰੀ ਕੀਤੀ, ਜਦਕਿ ਰਾਹੁਲ ਨੇ ਆਊਟ ਹੋਣ ਤੋਂ ਪਹਿਲਾਂ 33 ਗੇਂਦਾਂ 'ਤੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ। ਕੁਝ ਸਮੇਂ ਬਾਅਦ ਰੋਹਿਤ ਵੀ 14 ਗੇਂਦਾਂ 'ਚ 15 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। 

ਉਸ ਸਮੇਂ ਭਾਰਤ ਦਾ ਸਕੋਰ ਸੱਤ ਓਵਰਾਂ ਵਿੱਚ 75 ਦੌੜਾਂ ਸੀ ਪਰ ਇਸ ਤੋਂ ਬਾਅਦ ਪਾਰੀ ਦੀ ਰਫ਼ਤਾਰ ਮੱਠੀ ਹੋ ਗਈ। ਵਿਰਾਟ ਕੋਹਲੀ ਨੇ ਸੂਰਯਕੁਮਾਰ ਯਾਦਵ ਨਾਲ ਤੀਜੇ ਵਿਕਟ ਲਈ 42 ਦੌੜਾਂ ਜੋੜੀਆਂ ਪਰ ਕੋਹਲੀ (19), ਹਾਰਦਿਕ ਪੰਡਯਾ (02) ਅਤੇ ਦਿਨੇਸ਼ ਕਾਰਤਿਕ (20) ਇਕ ਤੋਂ ਬਾਅਦ ਇਕ ਆਊਟ ਹੋ ਗਏ। ਇਸ ਤੋਂ ਬਾਅਦ ਸੂਰਯਕੁਮਾਰ ਨੇ ਪਾਰੀ ਦੀ ਰਫ਼ਤਾਰ ਬਦਲੀ ਅਤੇ 32 ਗੇਂਦਾਂ 'ਤੇ ਛੇ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਸੂਰਯਕੁਮਾਰ ਆਖ਼ਰੀ ਓਵਰ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਦੇ ਹੀ ਆਊਟ ਹੋ ਗਏ, ਜਿਸ ਤੋਂ ਬਾਅਦ ਰਵੀਚੰਦਰਨ ਅਸ਼ਵਿਨ ਨੇ ਛੱਕਾ ਜੜ ਕੇ ਭਾਰਤ ਨੂੰ 20 ਓਵਰਾਂ ਵਿੱਚ 186/7 ਤੱਕ ਪਹੁੰਚਾ ਦਿੱਤਾ। ਆਸਟਰੇਲੀਆ ਲਈ ਕੇਨ ਰਿਚਰਡਸਨ ਨੇ ਚਾਰ ਓਵਰਾਂ ਵਿੱਚ 30 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਿਸ਼ੇਲ ਸਟਾਲਕਰ, ਗਲੇਨ ਮੈਕਸਵੈੱਲ ਅਤੇ ਐਸ਼ਟਨ ਐਗਰ ਨੂੰ ਇਕ-ਇਕ ਵਿਕਟ ਮਿਲੀ।

ਇਹ ਵੀ ਪੜ੍ਹੋ : ਟੀ20 ਵਿਸ਼ਵ ਕੱਪ : ਸਕਾਟਲੈਂਡ ਨੇ ਕੀਤਾ ਉਲਟਫੇਰ, ਵੈਸਟਇੰਡੀਜ਼ ਨੂੰ ਦਿੱਤੀ ਕਰਾਰੀ ਹਾਰ

ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਓਪਨਿੰਗ ਦੇ ਤੌਰ 'ਤੇ ਆਏ ਆਰੋਨ ਫਿੰਚ ਨੇ 54 ਗੇਂਦਾਂ 'ਚ 76 ਦੌੜਾਂ ਦੀ ਪਾਰੀ ਖੇਡੀ, ਜਦਕਿ ਮਿਸ਼ੇਲ ਮਾਰਸ਼ ਨੇ 18 ਗੇਂਦਾਂ 'ਤੇ 35 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਨਾਂ ਬੱਲੇਬਾਜ਼ਾਂ ਤੋਂ ਇਲਾਵਾ ਆਸਟ੍ਰੇਲੀਆ ਦੀ ਬੱਲੇਬਾਜ਼ੀ ਫਲਾਪ ਰਹੀ। ਸਟੀਵ ਸਮਿਥ 11 ਦੌੜਾਂ ਅਤੇ ਗਲੇਨ ਮੈਕਸਵੈੱਲ 23 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਉਨ੍ਹਾਂ ਤੋਂ ਇਲਾਵਾ ਕੋਈ ਵੀ ਆਸਟ੍ਰੇਲੀਆਈ ਬੱਲੇਬਾਜ਼ 10 ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਭਾਰਤ ਲਈ ਸ਼ੰਮੀ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ, ਜਦਕਿ ਭੁਵਨੇਸ਼ਵਰ ਕੁਮਾਰ ਨੇ 2 ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਹਰਸ਼ਲ ਪਟੇਲ ਅਤੇ ਯੁਜਵੇਂਦਰ ਚਾਹਲ ਨੇ ਇੱਕ-ਇੱਕ ਵਿਕਟ ਲਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News