WTC Final : ਧੋਨੀ ਨੂੰ ਪਿੱਛੇ ਛੱਡ ਕੋਹਲੀ ਨੇ ਬਣਾਇਆ ਇਕ ਹੋਰ ਵੱਡਾ ਰਿਕਾਰਡ, ਗਾਂਗੁਲੀ ਵੀ ਰਹਿ ਗਏ ਪਿੱਛੇ
Saturday, Jun 19, 2021 - 07:29 PM (IST)
ਨਵੀਂ ਦਿੱਲੀ— ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫ਼ਾਈਨਲ ਇੰਗਲੈਂਡ ਦੇ ਸਾਊਥੰਪਟਨ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦਾ ਪਹਿਲਾ ਦਿਨ ਮੀਂਹ ਕਾਰਨ ਨਹੀਂ ਖੇਡਿਆ ਗਿਆ। ਪਰ ਦੂਜੇ ਦਿਨ ਮੌਸਮ ਇਕਦਮ ਸਾਫ਼ ਹੈ। ਇਸ ਮੈਚ ’ਚ ਮੈਦਾਨ ’ਤੇ ਉਤਰਦੇ ਹੀ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਵੱਡਾ ਰਿਕਾਰਡ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਜਦੋਂ ਮਿਲਖਾ ਸਿੰਘ ਦੀ ਪਰਮੋਸ਼ਨ ਲਈ ਪ੍ਰਧਾਨ ਮੰਤਰੀ ਨਹਿਰੂ ਨੇ ਬਦਲ ਦਿੱਤਾ ਸੀ ਇਹ ਨਿਯਮ
ਧੋਨੀ ਤੋਂ ਅੱਗੇ ਨਿਕਲੇ ਵਿਰਾਟ
ਟੈਸਟ ਕ੍ਰਿਕਟ ’ਚ ਭਾਰਤ ਦੇ ਸਭ ਤੋਂ ਸਫਲ ਕਪਤਾਨ ਬਣਨ ਵੱਲ ਵਿਰਾਟ ਕੋਹਲੀ ਇਕ ਹੋਰ ਕਦਮ ਅੱਗੇ ਵੱਧ ਗਏ ਹਨ। ਵਿਰਾਟ ਕੋਹਲੀ ਹੁਣ ਟੈਸਟ ਕ੍ਰਿਕਟ ’ਚ ਭਾਰਤ ਦੇ ਸਭ ਤੋਂ ਜ਼ਿਆਦਾ ਮੈਚਾਂ ’ਚ ਕਪਤਾਨੀ ਕਰਨ ਵਾਲੇ ਕਪਤਾਨ ਬਣ ਗਏ ਹਨ। ਭਾਰਤ ਦੀ ਕਪਤਾਨੀ ਕਰਦੇ ਹੋਏ ਵਿਰਾਟ ਦਾ ਇਹ 61ਵਾਂ ਮੈਚ ਹੈ। ਉਨ੍ਹਾਂ ਨੇ 60 ਮੈਚ ’ਚ ਭਾਰਤ ਦੀ ਕਪਤਾਨੀ ਕਰਨ ਵਾਲੇ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ ਹੈ।
ਗਾਂਗੁਲੀ-ਅਜ਼ਹਰੂਦੀਨ ਤੋਂ ਵੀ ਨਿਕਲੇ ਅੱਗੇ
ਇਸ ਮਾਮਲੇ ’ਚ ਵਿਰਾਟ ਕੋਹਲੀ ਨੇ ਭਾਰਤੀ ਕਪਤਾਨ ਸੌਰਵ ਗਾਂਗੁਲੀ ਤੇ ਮੁਹੰਮਦ ਅਜ਼ਹਰੂਦੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਗਾਂਗੁਲੀ ਨੇ ਜਿੱਥੇ 49 ਮੈਚਾਂ ’ਚ ਭਾਰਤ ਦੀ ਕਪਤਾਨੀ ਕੀਤੀ ਸੀ ਉੱਥੇ ਹੀ ਅਜ਼ਹਰੂਦੀਨ ਨੇ 47 ਮੈਚਾਂ ’ਚ ਟੀਮ ਇੰਡੀਆ ਦਾ ਜ਼ਿੰਮਾ ਸੰਭਾਲਿਆ ਸੀ। ਸਨੀਲ ਗਾਵਸਕਰ ਨੇ ਵੀ 47 ਮੈਚਾਂ ’ਚ ਭਾਰਤੀ ਦੀ ਕਪਤਾਨੀ ਕੀਤੀ ਸੀ।
ਇਹ ਵੀ ਪੜ੍ਹੋ : ਜਾਣੋ ਫ਼ਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਦੀ ਜ਼ਿੰਦਗੀ ਨਾਲ ਸਬੰਧਤ ਕੁਝ ਦਿਲਚਸਪ ਕਿੱਸੇ
ਏਸ਼ੀਆ ’ਚ ਵੀ ਸਭ ਤੋਂ ਅੱਗੇ
ਵਿਰਾਟ ਕੋਹਲੀ ਸਿਰਫ਼ ਭਾਰਤ ’ਚ ਹੀ ਨਹੀਂ ਸਗੋਂ ਏਸ਼ੀਆ ’ਚ ਸਭ ਤੋਂ ਜ਼ਿਆਦਾ ਮੈਚਾਂ ’ਚ ਟੈਸਟ ਕ੍ਰਿਕਟ ’ਚ ਕਪਤਾਨੀ ਕਰਨ ਵਾਲੇ ਕਪਤਾਨ ਹਨ। ਉਨ੍ਹਾਂ ਨੇ ਧੋਨੀ ਨੂੰ ਪਿੱਛੇ ਛੱਡਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ। ਇਸ ਮਾਮਲੇ ’ਚ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਦੇ ਧਾਕੜ ਕਪਤਾਨ ਅਰਜੁਨ ਰਾਣਾਤੁੰਗਾ ਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਮਿਸਬਾਹ-ਉਲ-ਹੱਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਾਣਾਤੁੰਗਾ ਤੇ ਮਿਸਬਾਹ ਨੇ 56-56 ਮੈਚਾਂ ’ਚ ਆਪਣੀ ਟੀਮ ਦੀ ਕਪਤਾਨੀ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।