ਵਿਰਾਟ ਕੋਹਲੀ ਨੇ ਡਿਵੀਲੀਅਰਸ ਨੂੰ ਪਿੱਛੇ ਛੱਡ ਬਣਾਇਆ ਇਕ ਹੋਰ ਵਿਸ਼ਵ ਰਿਕਾਰਡ

Saturday, Mar 09, 2019 - 11:32 AM (IST)

ਵਿਰਾਟ ਕੋਹਲੀ ਨੇ ਡਿਵੀਲੀਅਰਸ ਨੂੰ ਪਿੱਛੇ ਛੱਡ ਬਣਾਇਆ ਇਕ ਹੋਰ ਵਿਸ਼ਵ ਰਿਕਾਰਡ

ਨਵੀਂ ਦਿੱਲੀ— ਵਿਰਾਟ ਕੋਹਲੀ ਦਾ ਕ੍ਰਿਕਟ 'ਚ ਕੱਦ ਇੰਨਾ ਵੱਡਾ ਹੋ ਗਿਆ ਹੈ ਕਿ ਰਿਕਾਰਡ ਸ਼ਬਦ ਹੁਣ ਉਨ੍ਹਾਂ ਦੇ ਨਾਂ ਦਾ ਸਮਾਨਾਰਥਕ ਲਗਦਾ ਹੈ। ਵਿਰਾਟ ਜਦੋਂ ਵੀ ਮੈਦਾਨ 'ਤੇ ਉਤਰਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਆਪਣੇ ਨਾਂ ਕਰ ਲੈਂਦੇ ਹਨ। ਆਸਟਰੇਲੀਆ ਖਿਲਾਫ ਰਾਂਚੀ ਦੇ ਜੇ.ਐੱਸ.ਸੀ.ਏ. ਸਟੇਡੀਅਮ 'ਚ ਖੇਡੇ ਗਏ ਤੀਜੇ ਵਨ ਡੇ ਮੈਚ 'ਚ ਭਾਰਤੀ ਕਪਤਾਨ ਨੇ ਆਪਣੇ 41ਵੇਂ ਵਨ ਡੇ ਸੈਂਕੜੇ ਦੇ ਨਾਲ ਇਕ ਹੋਰ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਿਰਾਟ ਨੇ 95 ਗੇਂਦਾਂ 'ਚ 16 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 123 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਕਪਤਾਨ ਦੇ ਤੌਰ 'ਤੇ ਵਨ ਡੇ ਕ੍ਰਿਕਟ 'ਚ 4000 ਦੌੜਾਂ ਦਾ ਅੰਕੜਾ ਛੂਹ ਲਿਆ ਹੈ। ਕਪਤਾਨ ਦੇ ਤੌਰ 'ਤੇ ਇਸ ਉਪਲਬਧੀ ਨੂੰ ਹਾਸਲ ਕਰਨ ਵਾਲੇ ਉਹ ਭਾਰਤ ਦੇ ਚੌਥੇ ਅਤੇ ਦੁਨੀਆ ਦੇ 12ਵੇਂ ਕ੍ਰਿਕਟਰ ਬਣ ਗਏ ਹਨ। ਵਿਰਾਟ ਤੋਂ ਪਹਿਲਾਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ, ਮੁਹੰਮਦ ਅਜ਼ਹਰੂਦੀਨ ਅਤੇ ਸੌਰਵ ਗਾਂਗੁਲੀ ਦੇ ਨਾਂ ਇਹ ਉਪਲਬਧੀ ਸੀ।
PunjabKesari
ਵਿਰਾਟ ਕੋਹਲੀ ਨੇ ਇਹ ਅੰਕੜਾ ਵੀ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਛੋਹਿਆ ਹੈ। ਵਿਰਾਟ ਨੇ ਕਪਤਾਨ ਦੇ ਤੌਰ 'ਤੇ ਵਨ ਡੇ 'ਚ ਆਪਣੀਆਂ 4 ਹਜ਼ਾਰ ਦੌੜਾਂ ਸਿਰਫ 63 ਪਾਰੀਆਂ 'ਚ ਪੂਰੀਆਂ ਕੀਤੀਆਂ ਹਨ ਜੋ ਇਕ ਵਿਸ਼ਵ ਰਿਕਾਰਡ ਹੈ। ਉਨ੍ਹਾਂ ਤੋਂ ਪਹਿਲਾਂ ਏਬੀ ਡਿਵੀਲੀਅਰਸ ਨੇ 77 ਪਾਰੀਆਂ 'ਚ ਕਪਤਾਨ ਦੇ ਤੌਰ 'ਤੇ ਵਨ ਡੇ 'ਚ 4000 ਦੌੜਾਂ ਦਾ ਅੰਕੜਾ ਛੂਹਿਆ ਸੀ। ਇਸ ਉਪਲਬਧੀ ਨੂੰ ਹਾਸਲ ਕਰਨ 'ਚ ਕ੍ਰਮਵਾਰ ਐੱਮ.ਐੱਸ. ਧੋਨੀ ਨੂੰ 100, ਸੌਰਵ ਗਾਂਗੁਲੀ ਨੂੰ 103 ਅਤੇ ਸਨਥ ਜੈਸੂਰੀਆ ਨੂੰ 106 ਵਨ ਡੇ ਪਾਰੀਆਂ ਲੱਗੀਆਂ ਸਨ। ਇਸ ਤਰ੍ਹਾਂ ਵਿਰਾਟ ਕੋਹਲੀ ਕਪਤਾਨ ਦੇ ਤੌਰ 'ਤੇ ਸਭ ਤੋਂ ਤੇਜ਼ੀ ਨਾਲ 4000 ਵਨ ਡੇ ਦੌੜਾਂ ਬਣਾਉਣ ਵਾਲੇ ਕ੍ਰਿਕਟਰ ਬਣ ਗਏ ਹਨ। ਕਪਤਾਨ ਦੇ ਤੌਰ 'ਤੇ ਵਿਰਾਟ ਕੋਹਲੀ 62 ਪਾਰੀਆਂ 'ਚ ਅਜੇ ਤਕ 18 ਸੈਂਕੜੇ ਅਤੇ 14 ਅਰਧ ਸੈਂਕੜੇ ਲਗਾ ਚੁੱਕੇ ਹਨ। ਬਤੌਰ ਕਪਤਾਨ ਆਪਣਾ 66ਵਾਂ ਮੈਚ ਖੇਡ ਰਹੇ ਕੋਹਲੀ ਨੇ ਆਪਣੀ ਪਾਰੀ ਦੀ 27ਵੀਂ ਦੌੜ ਬਣਾਉਣ ਦੇ ਨਾਲ ਹੀ ਬਤੌਰ ਕਪਤਾਨ ਵਨ ਡੇ 'ਚ 4000 ਦੌੜਾਂ ਪੂਰੀਆਂ ਕੀਤੀਆਂ ਹਨ।  


author

Tarsem Singh

Content Editor

Related News