ICC ODI RANKINGS : ਵਿਰਾਟ ਦੀ ਬਾਦਸ਼ਾਹਤ ਨੂੰ ਰੋਹਿਤ ਦੇ ਰਹੇ ਹਨ ਚੁਣੌਤੀ

Monday, Jul 08, 2019 - 10:51 AM (IST)

ICC ODI RANKINGS : ਵਿਰਾਟ ਦੀ ਬਾਦਸ਼ਾਹਤ ਨੂੰ ਰੋਹਿਤ ਦੇ ਰਹੇ ਹਨ ਚੁਣੌਤੀ

ਸਪੋਰਟਸ ਡੈਸਕ— ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਰਲਡ ਕੱਪ 'ਚ ਆਪਣੀ ਸ਼ਾਨਦਾਰ ਫਾਰਮ ਕਾਰਨ ਆਈ.ਸੀ.ਸੀ. ਵਨ-ਡੇ ਬੱਲੇਬਾਜ਼ੀ ਰੈਂਕਿੰਗ 'ਚ ਵਿਰਾਟ ਕੋਹਲੀ ਦੇ ਕਰੀਬ ਪਹੁੰਚ ਗਏ ਹਨ। ਕੋਹਲੀ ਨੇ ਬੱਲੇਬਾਜ਼ਾਂ 'ਚ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ ਜਦਕਿ ਦੂਜੇ ਨੰਬਰ 'ਤੇ ਕਾਬਜ ਉਪ ਕਪਤਾਨ ਰੋਹਿਤ ਨੇ ਵਰਲਡ ਕੱਪ 'ਚ ਰਿਕਾਰਡ ਪੰਜਵੇਂ ਸੈਂਕੜੇ ਨਾਲ ਦੋਹਾਂ ਵਿਚਾਲੇ ਫਰਕ ਘੱਟ ਕੀਤਾ ਹੈ। ਕੋਹਲੀ ਨੇ ਅਜੇ ਤਕ ਵਰਲਡ ਕੱਪ 'ਚ 63.14 ਦੀ ਔਸਤ ਨਾਲ 442 ਦੌੜਾਂ ਬਣਾਈਆਂ ਹਨ ਜਿਸ 'ਚ 5 ਅਰਧ ਸੈਂਕੜੇ ਸ਼ਾਮਲ ਹਨ। ਉਨ੍ਹਾਂ ਨੂੰ ਇਕ ਅੰਕ ਦਾ ਫਾਇਦਾ ਹੋਇਆ ਹੈ ਅਤੇ ਉਨ੍ਹਾਂ ਦੇ ਹੁਣ 891 ਅੰਕ ਹਨ। ਰੋਹਿਤ ਅਤੇ ਕੋਹਲੀ ਵਿਚਾਲੇ ਇਸ ਤੋਂ ਪਹਿਲਾਂ 51 ਅੰਕਾਂ ਦਾ ਫਰਕ ਸੀ ਪਰ ਹੁਣ ਉਨ੍ਹਾਂ ਵਿਚਾਲੇ ਸਿਰਫ 6 ਅੰਕਾਂ ਦਾ ਫਰਕ ਰਹਿ ਗਿਆ ਹੈ। ਸੈਮੀਫਾਈਨਲ ਤੋਂ ਪਹਿਲਾਂ ਰੋਹਿਤ ਦੇ 885 ਅੰਕ ਹਨ ਜੋ ਉਨ੍ਹਾਂ ਦੇ ਕਰੀਅਰ ਦੀ ਸਰਵਸ੍ਰੇਸ਼ਠ ਰੇਟਿੰਗ ਵੀ ਹੈ। ਪਾਕਿਸਤਾਨ ਦੇ ਬਾਬਰ ਆਜ਼ਮ ਬੱਲੇਬਾਜ਼ੀ ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। 

ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ ਚੋਟੀ 'ਤੇ ਕਾਇਮ
PunjabKesari
ਵਨ-ਡੇ ਰੈਂਕਿੰਗ 'ਚ ਭਾਰਤੀਆਂ ਦਾ ਦਬਦਬਾ ਬਰਕਰਾਰ ਹੈ। ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ ਨੇ ਚੋਟੀ 'ਤੇ ਆਪਣਾ ਸਥਾਨ ਮਜ਼ਬੂਤ ਕਰ ਲਿਆ ਹੈ। ਵਰਲਡ ਕੱਪ 'ਚ 17 ਵਿਕਟ ਲੈਣ ਦੇ ਕਾਰਨ ਉਹ ਦੂਜੇ ਨੰਬਰ 'ਤੇ ਕਾਬਜ਼ ਟ੍ਰੇਂਟ ਬੋਲਟ ਤੋਂ 56 ਅੰਕ ਅੱਗੇ ਹੋ ਗਏ ਹਨ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਤੀਜੇ, ਕਗੀਸੋ ਰਬਾਡਾ ਚੌਥੇ ਅਤੇ ਇਮਰਾਨ ਤਾਹਿਰ ਪੰਜਵੇਂ ਸਥਾਨ 'ਤੇ ਹਨ। ਆਲਰਾਊਂਡਰਾਂ 'ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ ਚੋਟੀ ਦਾ ਸਥਾਨ ਬਰਕਰਾਰ ਰਖਿਆ ਹੈ ਜਦਕਿ ਇੰਗਲੈਂਡ ਦੇ ਬੇਨ ਸਟੋਕਸ 9 ਪਾਇਦਾਨ ਉਪਰ ਦੂਜੇ ਸਥਾਨ 'ਤੇ ਪਹੁੰਚ ਗਏ ਹਨ। ਆਈ.ਸੀ.ਸੀ. ਵਨ-ਡੇ ਟੀਮ ਰੈਂਕਿੰਗ 'ਚ ਇੰਗਲੈਂਡ 123 ਅੰਕ ਦੇ ਨਾਲ ਪਹਿਲੇ ਸਥਾਨ 'ਤੇ ਹੈ। ਉਹ ਭਾਰਤ ਤੋਂ ਸਿਰਫ ਦਸ਼ਮਲਵ 'ਚ ਗਿਣਤੀ ਕਰਨ 'ਤੇ ਹੀ ਅੱਗੇ ਹੈ। ਨਿਊਜ਼ੀਲੈਂਡ ਅਤੇ ਆਸਟਰੇਲੀਆ ਦੋਹਾਂ ਦੇ 112 ਅੰਕ ਹਨ ਪਰ ਕੀਵੀ ਟੀਮ ਦਸ਼ਮਲਵ 'ਚ ਗਿਣਤੀ ਕਰਨ 'ਤੇ ਅੱਗੇ ਹੈ। ਦੱਖਣੀ ਅਫਰੀਕਾ 110 ਅੰਕ ਦੇ ਨਾਲ ਪੰਜਵੇਂ ਨੰਬਰ 'ਤੇ ਹੈ।


author

Tarsem Singh

Content Editor

Related News