ਕੋਹਲੀ ਨੇ ਸ਼ਾਨਦਾਰ ਪਾਰੀ ਨਾਲ ਤੋੜੇ ਦ੍ਰਾਵਿੜ ਅਤੇ ਲਕਸ਼ਮਣ ਦੇ ਰਿਕਾਰਡ
Thursday, Dec 27, 2018 - 11:34 AM (IST)

ਮੈਲਬੋਰਨ— ਕਪਤਾਨ ਵਿਰਾਟ ਕੋਹਲੀ ਭਾਰਤ ਵੱਲੋਂ ਵਿਦੇਸ਼ੀ ਧਰਤੀ 'ਤੇ ਇਕ ਕੈਲੰਡਰ ਸਾਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ ਆਸਟਰੇਲੀਆ ਖਿਲਾਫ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਵੀਰਵਾਰ ਨੂੰ ਇੱਥੇ ਆਪਣੀ 82 ਦੌੜਾਂ ਦੀ ਪਾਰੀ ਦੇ ਦੌਰਾਨ ਇਹ ਰਿਕਾਰਡ ਆਪਣੇ ਨਾਂ ਕੀਤਾ। ਕੋਹਲੀ ਦੇ ਨਾਂ 'ਤੇ ਸਾਲ 2018 'ਚ ਵਿਦੇਸ਼ੀ ਧਰਤੀ 'ਤੇ 1138 ਦੌੜਾਂ ਦਰਜ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਰਾਹੁਲ ਦ੍ਰਾਵਿੜ ਦੇ 2002 'ਚ ਬਣਾਏ ਗਏ 1137 ਦੌੜਾਂ ਦੇ ਰਿਕਾਰਡ ਨੂੰ ਤੋੜਿਆ।
ਹੁਣ ਵਿਸ਼ਵ ਰਿਕਾਰਡ ਤੋਂ ਹਨ ਥੋੜ੍ਹਾ ਦੂਰ
ਦ੍ਰਾਵਿੜ ਦਾ ਰਿਕਾਰਡ ਆਪਣੇ ਨਾਂ ਕਰਨ ਦੇ ਤੁਰੰਤ ਬਾਅਦ ਹੀ ਕੋਹਲੀ ਆਊਟ ਹੋ ਗਿਆ। ਭਾਰਤੀ ਕਪਤਾਨ ਜੇਕਰ ਦੂਜੀ ਪਾਰੀ 'ਚ 74 ਦੌੜਾਂ ਬਣਾਉਣ 'ਚ ਸਫਲ ਰਹਿੰਦੇ ਹਨ ਤਾਂ ਇਕ ਕੈਲੰਡਰ ਸਾਲ 'ਚ ਵਿਦੇਸ਼ੀ ਪਿੱਚਾਂ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਉਨ੍ਹਾਂ ਦੇ ਨਾਂ ਹੋ ਜਾਵੇਗਾ। ਇਹ ਰਿਕਾਰਡ ਅਜੇ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਦੇ ਨਾਂ 'ਤੇ ਹੈ ਜਿਨ੍ਹਾਂ ਨੇ 2008 'ਚ 2012 ਦੌੜਾਂ ਵਿਦੇਸ਼ੀ ਧਰਤੀ 'ਤੇ ਬਣਾਈਆਂ ਸਨ।
ਲਕਸ਼ਮਣ ਦਾ ਵੀ ਤੋੜਿਆ ਖਾਸ ਰਿਕਾਰਡ
ਆਸਟਰੇਲੀਆ 'ਚ ਅਜੇ ਤਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਤਾਂ ਸਚਿਨ ਤੇਂਦੁਲਕਰ ਹਨ, ਪਰ ਇਸ ਸੂਚੀ 'ਚ ਦੂਜਾ ਨੰਬਰ ਲਕਸ਼ਮਣ ਦਾ ਆਉਂਦਾ ਸੀ। ਪਰ ਇਸ ਪਾਰੀ ਨਾਲ ਉਹ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਸਚਿਨ ਨੇ 1809 ਦੌੜਾਂ ਬਣਾਈਆਂ ਜਦਕਿ ਦੂਜੇ ਨੰਬਰ 'ਤੇ ਕੋਹਲੀ ਆ ਗਏ ਹਨ ਜਿਨ੍ਹਾਂ ਨੇ 1237 ਬਣਾਈਆਂ। ਤੀਜੇ ਨੰਬਰ 'ਤੇ ਵੀ.ਵੀ.ਐੱਸ. ਲਕਸ਼ਮਣ ਆ ਚੁੱਕੇ ਹਨ। ਉਨ੍ਹਾਂ ਨੇ ਆਸਟਰੇਲੀਆ 'ਚ 1236 ਦੌੜਾਂ ਬਣਾਈਆਂ ਜਦਕਿ ਰਾਹੁਲ ਦ੍ਰਾਵਿੜ ਨੇ 1143 ਦੌੜਾਂ ਬਣਾਈਆਂ।
ਇਸ ਸਾਲ ਬਣਾ ਚੁੱਕੇ ਹਨ ਇੰਨੀਆਂ ਦੌੜਾਂ
ਕੋਹਲੀ ਨੇ ਇਸ ਸਾਲ ਦੱਖਣੀ ਅਫਰੀਕਾ 'ਚ ਤਿੰਨ ਟੈਸਟ ਮੈਚਾਂ 'ਚ 47.66 ਦੀ ਔਸਤ ਨਾਲ 286 ਦੌੜਾਂ ਅਤੇ ਇੰਗਲੈਂਡ 'ਚ ਪੰਜ ਟੈਸਟ ਮੈਚਾਂ 'ਚ 59.30 ਦੀ ਔਸਤ ਨਾਲ 593 ਦੌੜਾਂ ਬਣਾਈਆਂ। ਉਹ ਆਸਟਰੇਲੀਆ 'ਚ ਤਿੰਨ ਟੈਸਟ ਮੈਚਾਂ ਦੀਆਂ ਪੰਜ ਪਾਰੀਆਂ 'ਚ ਅਜੇ ਤਕ 51.80 ਦੀ ਔਸਤ ਨਾਲ 259 ਦੌੜਾਂ ਬਣਾ ਚੁੱਕੇ ਹਨ। ਕੋਹਲੀ ਨੇ 2018 'ਚ ਅਜੇ ਤਕ ਕੁੱਲ 1322 ਦੌੜਾਂ ਬਣਾਈਆਂ ਹਨ।