ਵਿਰਾਟ ਨੇ ਬਾਦਸ਼ਾਹਤ ਗੁਆਈ, ਬੁਮਰਾਹ-ਹਨੁਮਾ ਦੀ ਸਰਵਸ੍ਰੇਸ਼ਠ ਰੈਂਕਿੰਗ
Tuesday, Sep 03, 2019 - 05:04 PM (IST)
ਦੁਬਈ— ਭਾਰਤੀ ਕਪਤਾਨ ਵਿਰਾਟ ਕੋਹਲੀ ਆਈ.ਸੀ.ਸੀ. ਟੈਸਟ ਰੈਂਕਿੰਗ ’ਚ ਆਪਣਾ ਨੰਬਰ ਇਕ ਸਥਾਨ ਆਸਟਰੇਲੀਆ ਦੇ ਸਟੀਵਨ ਸਮਿਥ ਤੋਂ ਗੁਆ ਬੈਠੇ ਹਨ ਜਦਕਿ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮਿਡਲ ਆਰਡਰ ਦੇ ਬੱਲੇਬਾਜ਼ ਹਨੁਮਾ ਵਿਹਾਰੀ ਨੇ ਆਪਣੀ ਸਰਵਸ੍ਰੇਸ਼ਠ ਰੈਂਕਿੰਗ ਹਾਸਲ ਕਰ ਲਈ ਹੈ। ਭਾਰਤ ਦੇ ਵੈਸਟਇੰਡੀਜ਼ ਦੇ ਦੋ ਟੈਸਟ ਮੈਚਾਂ ਦੀ ਸੀਰੀਜ਼ ’ਚ ਕੱਲ 2-0 ਨਾਲ ਹਰਾਉਣ ਦੇ ਬਾਅਦ ਆਈ. ਸੀ. ਸੀ. ਦੀ ਟੈਸਟ ਰੈਂਕਿੰਗ ’ਚ ਵਿਰਾਟ ਨੇ ਆਪਣਾ ਨੰਬਰ ਇਕ ਸਥਾਨ ਗੁਆ ਦਿੱਤਾ। ਭਾਰਤ ਨੇ ਐਂਟੀਗਾ ’ਚ ਪਹਿਲਾ ਟੈਸਟ 318 ਦੌੜਾਂ ਨਾਲ ਜਿੱਤਿਆ ਸੀ ਜਦਕਿ ਕਿੰਗਸਟਨ ’ਚ ਦੂਜਾ ਟੈਸਟ ਉਸ ਨੇ ਸੋਮਵਾਰ ਨੂੰ 257 ਦੌੜਾਂ ਨਾਲ ਜਿੱਤਿਆ।

ਕਿੰਗਸਟਨ ਮੁਕਾਬਲੇ ’ਚ ਵੈਸਟਇੰਡੀਜ਼ ਦੀ ਪਹਿਲੀ ਪਾਰੀ ’ਚ ਹੈਟ੍ਰਿਕ ਸਮੇਤ 6 ਵਿਕਟ ਲੈਣ ਵਾਲੇ ਬੁਮਰਾਹ ਆਪਣੀ ਸਰਵਸ੍ਰੇਸ਼ਠ ਤੀਜੀ ਰੈਂਕਿੰਗ ’ਤੇ ਪਹੁੰਚ ਗਏ ਹਨ। ਇਸੇ ਮੈਚ ’ਚ ਪਹਿਲੀ ਪਾਰੀ ’ਚ ਸੈਂਕੜਾ ਅਤੇ ਦੂਜੀ ਪਾਰੀ ’ਚ ਅਰਧ ਸੈਂਕੜਾ ਬਣਾਉਣ ਵਾਲੇ ਹਨੁਮਾ ਵਿਹਾਰੀ ਨੇ 40 ਸਥਾਨਾਂ ਦੀ ਸ਼ਾਨਦਾਰ ਛਲਾਂਗ ਲਗਾਈ ਹੈ ਅਤੇ ਉਹ 30ਵੇਂ ਨੰਬਰ ’ਤੇ ਪਹੁੰਚ ਗਏ ਹਨ। ਵਿਰਾਟ ਨੂੰ ਇਸ ਸੀਰੀਜ਼ ’ਚ ਕੁਝ ਖਰਾਬ ਪ੍ਰਦਰਸ਼ਨ ਦਾ ਨੁਕਸਾਨ ਝਲਣਾ ਪਿਆ। ਉਹ ਦੂਜੇ ਟੈਸਟ ਦੀ ਦੂਜੀ ਪਾਰੀ ’ਚ ਖਾਤਾ ਖੋਲੇ ਬਿਨਾ ਆਊਟ ਹੋ ਗਏ। ਇਸ ਸੀਰੀਜ਼ ’ਚ ਉਨ੍ਹਾਂ ਨੇ ਦੋ ਅਰਧ ਸੈਂਕੜੇ ਬਣਾਏ। ਉਨ੍ਹਾਂ ਨੂੰ 7 ਰੇਟਿੰਗ ਅੰਕਾਂ ਦਾ ਨੁਕਸਾਨ ਹੋਇਆ ਅਤੇ ਉਹ ਪਹਿਲੇ ਤੋਂ ਦੂਜੇ ਸਥਾਨ ’ਤੇ ਖਿਸਕ ਗਏ। ਵਿਰਾਟ ਦੇ ਹੁਣ 903 ਰੇਟਿੰਗ ਅੰਕ ਹਨ। ਏਸ਼ੇਜ਼ ਸੀਰੀਜ਼ ’ਚ ਉਹ ਤੀਜੇ ਟੈਸਟ ਤੋਂ ਬਾਹਰ ਰਹੇ। ਸਮਿਥ ਫਿਰ ਤੋਂ ਨੰਬਰ ਇਕ ਬੱਲੇਬਾਜ਼ ਬਣ ਗਏ ਹਨ ਅਤੇ ਉਨ੍ਹਾਂ ਅਤੇ ਵਿਰਾਟ ਵਿਚਾਲੇ ਇਕ ਰੇਟਿੰਗ ਅੰਕ ਦਾ ਫਾਸਲਾ ਹੈ। ਸਮਿਥ ਦੇ 904 ਰੇਟਿੰਗ ਅੰਕ ਹਨ।
