ਕੋਹਲੀ ਦੀ ਸਲਾਹ, IPL ਤੋਂ ਖਰਾਬ ਤਕਨੀਕੀ ਆਦਤਾਂ ਨਾ ਸਿੱਖਣ ਖਿਡਾਰੀ
Saturday, Feb 23, 2019 - 05:11 PM (IST)

ਵਿਸ਼ਾਖਾਪਟਨਮ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਵਿਸ਼ਵ ਕੱਪ ਲਈ ਜਾਣ ਵਾਲੇ ਖਿਡਾਰੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਉਹ ਆਈ.ਪੀ.ਐੱਲ. ਦੇ ਦੌਰਾਨ ਖਰਾਬ ਤਕਨੀਕੀ ਆਦਤਾਂ ਨਾ ਸਿੱਖਣ ਅਤੇ ਸਾਵਧਾਨੀ ਨਾਲ ਕਾਰਜਭਾਰ ਸੰਭਾਲਣ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਅਜਿਹਾ ਕਰਨ ਲਈ 23 ਮਾਰਚ ਤੋਂ ਸ਼ੁਰੂ ਹੋ ਰਹੀ ਇਸ ਲੁਭਾਵਨੀ ਲੀਗ 'ਚ ਜੇਕਰ ਜ਼ਰੂਰਤ ਹੋਵੇ ਤਾਂ ਉਹ ਮੈਚਾਂ ਤੋਂ ਆਰਾਮ ਵੀ ਲੈ ਸਕਦੇ ਹਨ। 7 ਹਫਤਿਆਂ ਤਕ ਚੱਲਣ ਵਾਲੀ ਲੀਗ 12 ਮਈ ਨੂੰ ਖਤਮ ਹੋਵੇਗੀ ਅਤੇ ਭਾਰਤੀ ਟੀਮ ਇਸ ਤੋਂ 23 ਦਿਨ ਬਾਅਦ ਸਾਊਥਮਪਟਨ 'ਚ ਪੰਜ ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਵਿਸ਼ਵ ਕੱਪ ਦਾ ਸ਼ੁਰੂਆਤੀ ਮੈਚ ਖੇਡੇਗੀ।
ਕੋਹਲੀ ਨੇ ਆਸਟਰੇਲੀਆ ਖਿਲਾਫ ਪਹਿਲੇ ਟੀ-20 ਮੈਚ ਦੀ ਪੂਰਬਲੀ ਸ਼ਾਮ 'ਤੇ ਪੱਤਰਕਾਰਾਂ ਨੂੰ ਕਿਹਾ, ''ਉਨ੍ਹਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਉਨ੍ਹਾਂ ਦੀ ਖੇਡ ਵਨ ਡੇ ਦੇ ਹਿਸਾਬ ਨਾਲ ਜ਼ਿਆਦਾ ਖਿਸਕੇ ਨਹੀਂ। ਇਸ ਦਾ ਮਤਲਬ ਹੈ ਕਿ ਸਾਨੂੰ ਉਨ੍ਹਾਂ ਖਰਾਬ ਆਦਤਾਂ ਤੋਂ ਸਾਵਧਾਨ ਰਹਿਣਾ ਹੋਵੇਗਾ ਜੋ ਆਈ.ਪੀ.ਐੱਲ. ਦੇ ਦੌਰਾਨ ਸ਼ਾਮਲ ਹੋ ਸਕਦੀਆਂ ਹਨ।'' ਕੋਹਲੀ ਲਈ ਰਾਸ਼ਟਰੀ ਟੀਮ ਦਾ ਹਿੱਤ ਸਭ ਤੋਂ ਉੱਪਰ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਸਾਥੀ ਆਈ.ਪੀ.ਐੱਲ. ਦੇ ਦੌਰਾਨ ਇਨ੍ਹਾਂ ਚੀਜ਼ਾਂ ਨੂੰ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਆਈ.ਪੀ.ਐੱਲ. ਦੇ ਦੌਰਾਨ ਖਰਾਬ ਆਦਤਾਂ ਨੂੰ ਨਹੀਂ ਅਪਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਨ੍ਹਾਂ 'ਤੇ ਲਗਾਮ ਲਗ ਸਕੇ। ਜਿਵੇਂ ਹੀ ਤੁਸੀਂ ਨੈੱਟ 'ਤੇ ਦਾਖਲ ਹੁੰਦੇ ਹੋ ਅਤੇ ਖਰਾਬ ਆਦਤਾਂ ਕਾਰਨ ਲੈਅ ਗੁਆ ਦਿੰਦੇ ਹੋ ਅਤੇ ਇਸ ਨਾਲ ਵਿਸ਼ਵ ਕੱਪ ਜਿਹੇ ਟੂਰਨਾਮੈਂਟ 'ਚ ਵਾਪਸੀ ਕਰਨਾ ਬਹੁਤ ਮੁਸ਼ਕਲ ਹੈ।