ਕ੍ਰਿਕਟ ''ਤੇ ਮੰਡਰਾਇਆ ਸਭ ਤੋਂ ਵੱਡਾ ਖਤਰਾ, ਕੀ ਕ੍ਰਿਕਟ ਨੂੰ ਅਲਵਿਦਾ ਆਖ ਦੇਣਗੇ ਕ੍ਰਿਕਟਰ

Tuesday, Feb 25, 2020 - 01:21 PM (IST)

ਕ੍ਰਿਕਟ ''ਤੇ ਮੰਡਰਾਇਆ ਸਭ ਤੋਂ ਵੱਡਾ ਖਤਰਾ, ਕੀ ਕ੍ਰਿਕਟ ਨੂੰ ਅਲਵਿਦਾ ਆਖ ਦੇਣਗੇ ਕ੍ਰਿਕਟਰ

ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਟੀ-20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਥਕੇਵੇਂ ਦੀ ਗੱਲ ਕਹਿ ਕੇ ਇਸ਼ਾਰਿਆਂ-ਇਸ਼ਾਰਿਆਂ 'ਚ ਬਹੁਤ ਜ਼ਿਆਦਾ ਕ੍ਰਿਕਟ ਮੈਚਾਂ ਦੇ ਹੋਣ ਦੀ ਸਮੱਸਿਆ ਵੱਲ ਧਿਆਨ ਖਿੱਚਿਆ ਸੀ। ਅਜਿਹਾ ਇਸ ਲਈ ਕਿਉਂਕਿ ਸ਼੍ਰੀਲੰਕਾ ਖਿਲਾਫ ਟੀ-20 ਅਤੇ ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ ਵਿਚਾਲੇ ਸਿਰਫ ਚਾਰ ਦਿਨ ਦਾ ਹੀ ਫਰਕ ਸੀ। ਦੂਜੇ ਪਾਸੇ ਆਸਟਰੇਲੀਆ ਖਿਲਾਫ ਵਨ-ਡੇ ਸੀਰੀਜ਼ ਖਤਮ ਹੁੰਦੇ ਹੀ ਚਾਰ ਦਿਨਾਂ ਦੇ ਅੰਦਰ ਹੀ ਟੀਮ ਨੂੰ ਨਿਊਜ਼ੀਲੈਂਡ 'ਚ ਟੀ-20 ਸੀਰੀਜ਼ ਖੇਡਣੀ ਪਈ। ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਨੇ ਵੀ ਬਹੁਤ ਜ਼ਿਆਦਾ ਕ੍ਰਿਕਟ ਖੇਡਣ ਦੀ ਵਜ੍ਹਾ ਕਰਕੇ ਟੀ-20 ਫਾਰਮੈਟ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ ਹੁਣ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ) ਨੇ ਸਾਲ 2023 ਤੋਂ ਲੈ ਕੇ 2031 ਤਕ ਦੇ ਕ੍ਰਿਕਟ ਕੈਲੰਡਰ 'ਚ ਨਵੇਂ ਟੂਰਨਾਮੈਂਟ ਦਾ ਪ੍ਰਸਤਾਵ ਪੇਸ਼ ਕਰ ਦਿੱਤਾ ਹੈ। ਅਜਿਹੇ 'ਚ ਬਹੁਤ ਜ਼ਿਆਦਾ ਕ੍ਰਿਕਟ ਮੈਚਾਂ ਦੇ ਹੋਣ ਕਾਰਨ ਖਿਡਾਰੀ ਸੱਟ ਦਾ ਸ਼ਿਕਾਰ ਵੀ ਹੋ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਥਕੇਵੇਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
PunjabKesari
ਆਈ. ਸੀ. ਸੀ. ਦੇ ਨਵੇਂ ਟੂਰਨਾਮੈਂਟ ਦੇ ਪ੍ਰਸਤਾਵ 'ਤੇ ਕ੍ਰਿਕਟ ਬੋਰਡਾਂ ਨੇ ਸਾਫ ਨਹੀਂ ਕੀਤਾ ਰੁਖ਼
ਆਈ. ਸੀ. ਸੀ. ਦੇ ਨਵੇਂ ਪ੍ਰਸਤਾਵ 'ਚ ਹਰ ਸਾਲ ਮਹਿਲਾ ਅਤੇ ਪੁਰਸ਼ਾਂ ਦਾ ਵੱਡਾ ਟੂਰਨਾਮੈਂਟ ਆਯੋਜਿਤ ਕਰਾਇਆ ਜਾਵੇਗਾ। ਵੈਸੇ ਇਸ ਮੁੱਦੇ 'ਤੇ ਭਾਰਤ, ਇੰਗਲੈਂਡ ਅਤੇ ਆਸਟਰੇਲੀਆ ਦੇ ਵਿਸਥਾਰ ਨਾਲ ਵਿਚਾਰ ਨਹੀਂ ਆਏ ਹਨ। ਹਾਲਾਂਕਿ ਰਿਪੋਰਟਾਂ ਮੁਤਾਬਕ, ਹੁਣ ਫੈਡਰੇਸ਼ਨ ਆਫ਼ ਇੰਰਨੈਸ਼ਨਲ ਕ੍ਰਿਕਟ ਐਸੋਸੀਏਸ਼ਨ ਦੇ ਚੀਫ ਐਗਜ਼ਿਊਟਿਵ ਟਾਮ ਮੋਫਾਟ ਨੇ ਸਵਾਲ ਚੁੱਕੇ ਕਿ ਪ੍ਰਸਤਾਵਤ ਟੂਰਨਾਮੈਂਟ ਪੂਰੀ ਤਰ੍ਹਾਂ ਨਾਲ ਕਾਰੋਬਾਰੀ ਹਿੱਤਾਂ 'ਤੇ ਅਧਾਰਤ ਹੈ। ਜੇਕਰ ਆਈ. ਸੀ. ਸੀ. ਦਾ ਇਹ ਪ੍ਰਸਤਾਵ ਹਕੀਕਤ ਬਣ ਜਾਂਦਾ ਹੈ ਤਾਂ ਕ੍ਰਿਕਟ ਦੇ ਖੇਡ 'ਤੇ ਅਜੇ ਤਕ ਦਾ ਸਭ ਤੋਂ ਵੱਡਾ ਖਤਰਾ ਹੋਵੇਗਾ ਕਿਉਂਕਿ ਇਸ ਨਾਲ ਜ਼ਿਆਦਾਤਰ ਖਿਡਾਰੀ ਕੌਮਾਂਤਰੀ ਕ੍ਰਿਕਟ ਤੋਂ ਦੂਰੀ ਬਣਾ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਫਿਰ ਹਰ ਸਾਲ 10 ਟੀਮਾਂ ਦਾ ਵੱਡਾ ਟੂਰਨਾਮੈਂਟ ਚੈਂਪੀਅਨਸ ਕੱਪ ਹੋਵੇਗਾ। ਇਸ ਤੋਂ ਇਲਾਵਾ ਵਰਲਡ ਕੱਪ, ਟੀ-20 ਲੀਗ ਅਤੇ ਦੋ ਪੱਖੀ ਸੀਰੀਜ਼ ਵੀ ਹੋਣਗੀਆਂ। ਅਜਿਹੇ 'ਚ ਜ਼ਿਆਦਾਰ ਖਿਡਾਰੀ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਕੇ ਲੁਭਾਉਣੀ ਟੀ-20 ਲੀਗ ਦਾ ਰੁਖ਼ ਕਰ ਸਕਦੇ ਹਨ ਜਿਵੇਂ ਕਿ ਪਹਿਲਾਂ ਵੀ ਹੁੰਦਾ ਰਿਹਾ ਹੈ।


author

Tarsem Singh

Content Editor

Related News