ਧੋਨੀ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਇਕ ਜਿੱਤ ਦੂਰ ਵਿਰਾਟ
Tuesday, Aug 20, 2019 - 09:28 PM (IST)

ਏਂਟੀਗਾ— ਭਾਰਤੀ ਕਪਤਾਨ ਵਿਰਾਟ ਕੋਹਲੀ ਬੱਲੇਬਾਜ਼ੀ 'ਚ ਨਵੇਂ-ਨਵੇਂ ਰਿਕਾਰਡ ਹਾਸਲ ਕਰਨ ਤੋਂ ਬਾਅਦ ਹੁਣ ਕਪਤਾਨੀ 'ਚ ਆਪਣਾ ਝੰਡਾ ਬੁਲੰਦ ਕਰ ਰਹੇ ਹਨ। ਵਿਰਾਟ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਾਰਤ ਲਈ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਦੇ ਨੇੜੇ ਪਹੁੰਚ ਗਏ ਹਨ। ਭਾਰਤੀ ਟੀਮ ਨੇ ਧੋਨੀ ਦੀ ਕਪਤਾਨੀ 'ਚ 60 ਟੈਸਟ ਮੈਚਾਂ 'ਚ 27 ਮੈਚ ਜਿੱਤੇ ਹਨ ਜਦਕਿ ਵਿਰਾਟ ਦੀ ਅਗਵਾਈ 'ਚ ਟੀਮ 46 ਮੈਚਾਂ 'ਚ 26 ਮੁਕਾਬਲੇ ਜਿੱਤਣ 'ਚ ਕਾਮਯਾਬ ਰਹੀ ਹੈ। ਵਿਰਾਟ ਕਪਤਾਨ ਦੇ ਤੌਰ 'ਤੇ ਧੋਨੀ ਦੇ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ ਇਕ ਜਿੱਤ ਦੂਰ ਹੈ। ਭਾਰਤ ਨੂੰ ਵੈਸਟਇੰਡੀਜ਼ ਵਿਰੁੱਧ 22 ਅਗਸਤ ਤੋਂ ਟੈਸਟ ਮੈਚ ਖੇਡਣਾ ਹੈ। ਜੇਕਰ ਭਾਰਤ ਇਸ ਮੈਚ ਨੂੰ ਜਿੱਤ ਲੈਂਦਾ ਹੈ ਤਾਂ ਵਿਰਾਟ ਧੋਨੀ ਦੇ ਕਪਤਾਨ ਰਹਿੰਦੇ ਹੋਏ 27 ਟੈਸਟ ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ।
ਪਿਛਲੇ ਸਾਲ ਵਿਰਾਟ ਦੀ ਕਪਤਾਨੀ 'ਚ ਭਾਰਤ ਨੇ ਅਫਗਾਨਿਸਤਾਨ ਦੇ ਨਾਲ ਇਕਲੌਤਾ ਟੈਸਟ ਮੈਚ ਜਿੱਤਿਆ ਸੀ ਜਦਕਿ ਉਸ ਨੂੰ ਇੰਗਲੈਂਡ ਤੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਵੈਸਟਇੰਡੀਜ਼ ਤੇ ਆਸਟਰੇਲੀਆ ਤੋਂ ਟੈਸਟ ਸੀਰੀਜ਼ ਜਿੱਤੀ ਸੀ।