ਸੀ.ਓ.ਏ. ਪ੍ਰਮੁੱਖ ਨੇ ਠੁਕਰਾਈ ਨਵੇਂ ਕੋਚ ਦੀ ਚੋਣ ਨੂੰ ਰੱਦ ਕਰਨ ਦੀ ਮੰਗ
Tuesday, Dec 11, 2018 - 10:25 AM (IST)

ਨਵੀਂ ਦਿੱਲੀ— ਪ੍ਰਸ਼ਾਸਕਾਂ ਦੀ ਕਮੇਟੀ (ਸੀ.ਓ.ਏ.) ਦੇ ਪ੍ਰਮੁੱਖ ਵਿਨੋਦ ਰਾਏ ਨੇ ਆਪਣੀ ਸਾਥੀ ਡਾਇਨਾ ਐਡੁਲਜੀ ਦੀ ਉਹ ਮੰਗ ਠੁਕਰਾ ਦਿੱਤੀ ਹੈ ਜਿਨ੍ਹਾਂ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਦੀ ਚੋਣ ਦੀ ਪ੍ਰਕਿਰਿਆ ਰੱਦ ਕਰਨ ਦੀ ਮੰਗ ਕੀਤੀ ਸੀ ਅਤੇ ਰਮੇਸ਼ ਪਵਾਰ ਨੂੰ ਘੱਟੋ-ਘੱਟ ਅਗਲੇ ਮਹੀਨੇ ਸ਼ੁਰੂ ਹੋ ਰਹੇ ਨਿਊਜ਼ੀਲੈਂਡ ਦੌਰੇ ਤਕ ਕੋਚ ਬਰਕਰਾਰ ਰੱਖਣ ਨੂੰ ਕਿਹਾ ਸੀ।
ਰਾਏ ਨੂੰ ਲਿੱਖੀ ਚਿੱਠੀ 'ਚ ਐਡੁਲਜੀ ਨੇ ਕਿਹਾ ਸੀ ਕਿ ਇਹ ਧਿਆਨ 'ਚ ਰਖਦੇ ਹੋਏ ਕਿ ਪਵਾਰ ਨੂੰ ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਅਨੁਭਵੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦਾ ਸਮਰਥਨ ਹਾਸਲ ਹੈ। ਇਸ ਲਈ ਉਨ੍ਹਾਂ ਦਾ ਕਰਾਰ ਘੱਟੋ-ਘੱਟ ਨਿਊਜ਼ੀਲੈਂਡ ਦੌਰੇ ਲਈ ਵਧਾਇਆ ਜਾਵੇ। ਰਾਏ ਨੇ ਹਾਲਾਂਕਿ ਆਪਣੇ ਜਵਾਬ 'ਚ ਸਪੱਸ਼ਟ ਕੀਤਾ ਕਿ ਕੋਚ ਚੋਣ ਪ੍ਰਕਿਰਿਆ ਨੂੰ ਰੱਦ ਕਰਨ ਦਾ ਸਵਾਲ ਨਹੀਂ ਉਠਦਾ ਕਿਉਂਕਿ ਬੀ.ਸੀ.ਸੀ.ਆਈ. ਪਹਿਲਾਂ ਹੀ ਇਸ ਅਹੁਦੇ ਲਈ ਬੇਨਤੀਆਂ ਮੰਗ ਚੁੱਕਾ ਹੈ। ਅਪਲਾਈ ਕਰਨ ਦੀ ਅੰਤਿਮ ਮਿਤੀ 14 ਦਸੰਬਰ ਹੈ। ਮਨੋਜ ਪ੍ਰਭਾਕਰ, ਹਰਸ਼ਲ ਗਿਬਸ ਅਤੇ ਦਿਮਿਤ੍ਰੀ ਮਾਸਕਰੇਂਹਾਸ ਜਿਹੇ ਸਾਬਕਾ ਖਿਡਾਰੀ ਪਹਿਲਾਂ ਇਹ ਇਸ ਅਹੁਦੇ ਲਈ ਬੇਨਤੀਆਂ ਦੇ ਚੁੱਕੇ ਹਨ।