ਵਿਦਿਤ-ਅਭਿਜੀਤ ਸਾਂਝੇ ਤੌਰ ''ਤੇ ਦੂਸਰੇ ਸਥਾਨ ''ਤੇ
Thursday, Oct 25, 2018 - 04:04 AM (IST)

ਆਇਲ ਆਫ ਮੈਨ (ਬ੍ਰਿਟੇਨ)- ਆਇਲ ਆਫ ਮੈਨ ਅੰਤਰਰਾਸ਼ਟਰੀ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਰਾਊਂਡ ਵਿਚ ਭਾਰਤ ਦੇ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਅਤੇ ਅਭਿਜੀਤ ਗੁਪਤਾ 3.5 ਅੰਕਾਂ ਨਾਲ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਪਹੁੰਚ ਗਏ ਹਨ।
ਅਭਿਜੀਤ ਗੁਪਤਾ ਨੇ ਵੀਅਤਨਾਮ ਦੇ ਚੋਟੀ ਦੇ ਖਿਡਾਰੀ ਲੇ ਕੁਯਾਂਗ ਲਿਮ ਨੂੰ ਸਿਸਲੀਅਨ ਓਪਨਿੰਗ ਵਿਚ 60 ਚਾਲਾਂ ਨਾਲ ਹਰਾਉਂਦੇ ਹੋਏ ਦਿਨ ਦਾ ਵੱਡਾ ਉਲਟਫੇਰ ਕੀਤਾ। ਵਿਦਿਤ ਗੁਜਰਾਤੀ ਨੇ ਕੱਲ ਸਭ ਤੋਂ ਵੱਡਾ ਉਲਟਫੇਰ ਕਰਨ ਵਾਲੇ ਹਮਵਤਨ ਪ੍ਰਗਿਆਨੰਦਾ ਨੂੰ ਕਟਲਨ ਓਪਨਿੰਗ ਵਿਚ 43 ਚਾਲਾਂ ਵਿਚ ਸ਼ਾਨਦਾਰ ਐਂਡ ਗੇਮ ਵਿਚ ਹਰਾਉਂਦੇ ਹੋਏ ਲਗਾਤਾਰ ਆਪਣੀ ਤੀਸਰੀ ਜਿੱਤ ਦਰਜ ਕੀਤੀ।
ਵਿਸ਼ਵਨਾਥਨ ਆਨੰਦ ਦੀ ਸ਼ਾਨਦਾਰ ਜਿੱਤ : ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਹਮਵਤਨ ਸ਼ਿਆਮ ਸੁੰਦਰ ਨੂੰ ਰਾਏ ਲੋਪਜ਼ ਵਿਚ ਖੇਡੇ ਗਏ ਮੁਕਾਬਲੇ 'ਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ 3 ਅੰਕਾਂ ਨਾਲ ਅਗਲੇ ਰਾਊਂਡ ਵਿਚ ਪ੍ਰਵੇਸ਼ ਕਰ ਲਿਆ ਹੈ। ਆਨੰਦ ਨੇ ਇਸ ਖੇਡ ਵਿਚ ਦਿਖਾਇਆ ਕਿ ਉਸ ਦਾ ਤਜਰਬਾ ਅਤੇ ਸਮਰੱਥਾ ਅਜੇ ਵੀ ਦੁਨੀਆ ਦੇ ਚੋਟੀ ਦੇ ਖਿਡਾਰੀਆਂ 'ਚੋਂ ਇਕ ਹੈ।
ਅਧਿਬਨ ਨੇ ਅਮਰੀਕਾ ਦੇ ਵੇਸਲੀ ਸੋ ਨੂੰ ਡਰਾਅ 'ਤੇ ਰੋਕਿਆ : ਭਾਰਤ ਦੇ ਗ੍ਰੈਂਡਮਾਸਟਰ ਭਾਸਕਰਨ ਅਧਿਬਨ ਨੇ ਅਮਰੀਕਾ ਦੇ ਨੰਬਰ 2 ਖਿਡਾਰੀ ਅਤੇ 5ਵੀਂ ਸੀਡ ਵੇਸਲੀ ਸੋ ਨੂੰ ਡਰਾਅ 'ਤੇ ਰੋਕ ਲਿਆ।
ਵਾਂਗ-ਨਾਈਡਿਸ਼ ਸਾਂਝੀ ਬੜ੍ਹਤ 'ਤੇ : ਰਾਊਂਡ 4 ਤੋਂ ਬਾਅਦ ਚੀਨ ਦੇ ਵਾਂਗ ਹਾਊ ਅਤੇ ਅਜਰਬੈਜਾਨ ਦੇ ਅਕਾਰਦੀ ਨਾਈਡਿਸ਼ ਨੇ 4 ਜਿੱਤਾਂ ਨਾਲ ਸਾਂਝੇ ਤੌਰ 'ਤੇ ਪਹਿਲਾ ਸਥਾਨ ਬਣਾ ਲਿਆ ਹੈ। ਅਭਿਜੀਤ ਸਮੇਤ 6 ਖਿਡਾਰੀ 3.5 ਅੰਕਾਂ 'ਤੇ ਖੇਡ ਰਹੇ ਹਨ, ਜਦਕਿ ਆਨੰਦ ਸਮੇਤ 24 ਖਿਡਾਰੀ 3 ਅੰਕਾਂ 'ਤੇ ਹਨ।