ਵੈਸਟਇੰਡੀਜ਼ ਵਿਰੁੱਧ ਵਨ ਡੇ ’ਚ ਉਪ ਕਪਤਾਨ ਹੋ ਸਕਦੈ ਭਾਰਤੀ ਟੀਮ ਦਾ ਇਹ ਧਾਕੜ ਖਿਡਾਰੀ
Monday, Sep 14, 2026 - 11:11 AM (IST)
ਨਵੀਂ ਦਿੱਲੀ : ਤਜ਼ਰੇਬਕਾਰ ਬੱਲੇਬਾਜ਼ ਕੇ. ਐੱਲ. ਰਾਹੁਲ ਨੂੰ ਵੈਸਟਇੰਡੀਜ਼ ਵਿਰੁੱਧ 27 ਸਤੰਬਰ ਤੋਂ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਆਗਾਮੀ ਵਨ ਡੇ ਲੜੀ ਲਈ ਭਾਰਤ ਦਾ ਉਪ ਕਪਤਾਨ ਬਣਾਇਆ ਜਾ ਸਕਦਾ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ’ਚ ਭਾਰਤੀ ਟੀਮ ਵੈਸਟਇੰਡੀਜ਼ ਵਿਰੁੱਧ ਵਨ ਡੇ ਮੁਹਿੰਮ ਦੀ ਸ਼ੁਰੂਆਤ ਤਿਰੂਵਨੰਤਪੁਰਮ ਤੋਂ ਕਰੇਗੀ। ਇਸ ਤੋਂ ਬਾਅਦ ਦੂਜਾ ਮੁਕਾਬਲਾ 30 ਸਤੰਬਰ ਨੂੰ ਗੁਹਾਟੀ ਤੇ ਤੀਜਾ ਮੈਚ 3 ਅਕਤੂਬਰ ਨੂੰ ਮੁੱਲਾਂਪੁਰ ’ਚ ਖੇਡਿਆ ਜਾਵੇਗਾ।
ਵੈਸਟਇੰਡੀਜ਼ ਲੜੀ ਤੇ ਈਰਾਨੀ ਕੱਪ ਲਈ ਭਾਰਤੀ ਟੀਮ ਦੀ ਚੋਣ 16 ਸਤੰਬਰ ਨੂੰ ਇੱਥੇ ਕੀਤੀ ਜਾਣੀ ਹੈ। ਇਸ ਤੋਂ ਇਕ ਦਿਨ ਪਹਿਲਾਂ ਅਫਗਾਨਿਸਤਾਨ ਵਿਰੁੱਧ ਦੂਜਾ ਟੀ-20 ਕੌਮਾਂਤਰੀ ਮੈਚ ਖੇਡਿਆ ਜਾਵੇਗਾ। ਚੋਣਕਾਰਾਂ ਦਾ ਪ੍ਰਮੁੱਖ ਅਜੀਤ ਅਗਰਕਰ ਇਸ ਮੁਕਾਬਲੇ ਨੂੰ ਦੇਖਣ ਲਈ ਮੌਜੂਦ ਰਹੇਗਾ। ਦਿਲਚਸਪ ਗੱਲ ਇਹ ਹੈ ਕਿ ਅਗਰਕਰ ਦੇ ਨਿਰਧਾਰਿਤ ਕਰਾਰ ਦੀ ਮਿਆਦ ’ਚ ਇਹ ਚੋਣ ਮੀਟਿੰਗ ਉਸ ਦਾ ਆਖਰੀ ਕੰਮ ਹੋਵੇਗਾ। ਉਸ ਦਾ ਕਰਾਰ 4 ਅਕਤੂਬਰ ਨੂੰ ਖਤਮ ਹੋ ਰਿਹਾ ਹੈ। ਅਗਰਕਰ ਆਪਣੇ ਕਰਾਰ ਨੂੰ ਇਕ ਹੋਰ ਸਾਲ ਲਈ ਵਧਾਉਣ ਦਾ ਪਾਤਰ ਹੈ ਪਰ ਫਿਲਹਾਲ ਬੀ. ਸੀ. ਸੀ. ਆਈ. ਨੇ ਉਸ ਦੇ ਭਵਿੱਖ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ।
ਸਮਝਿਆ ਜਾਂਦਾ ਹੈ ਕਿ ਏਸ਼ੀਆਈ ਖੇਡਾਂ ਦੀਆਂ ਮਿਤੀਅਾਂ ਵੈਸਟਇੰਡੀਜ਼ ਵਿਰੁੱਧ ਵਨ ਡੇ ਲੜੀ ਨਾਲ ਟਕਰਾਅ ਰਹੀਆਂ ਹਨ। ਅਜਿਹੇ ’ਚ ਨਿਯਮਤ 50 ਓਵਰਾਂ ਦਾ ਉਪ ਕਪਤਾਨ ਸ਼੍ਰੇਅਸ ਅਈਅਰ ਉਪਲਬਧ ਨਹੀਂ ਹੋਵੇਗਾ ਕਿਉਂਕਿ ਉਹ ਜਾਪਾਨ ’ਚ ਟੀ-20 ਟੀਮ ਦੀ ਅਗਵਾਈ ਕਰ ਰਿਹਾ ਹੋਵੇਗਾ। ਉੱਥੇ ਹੀ ਈਸ਼ਾਨ ਕਿਸ਼ਨ ਵੀ ਏਸ਼ੀਆਈ ਖੇਡਾਂ ਦੀ ਟੀਮ ’ਚ ਹੋਵੇਗਾ। ਅਜਿਹੇ ’ਚ ਰਾਹੁਲ ਤੋਂ ਬਾਅਦ ਦੂਜੇ ਵਿਕਟਕੀਪਰ ਦੇ ਸਥਾਨ ਨੂੰ ਲੈ ਕੇ ਚਰਚਾ ਹੋਵੇਗੀ। ਇਸ ਸਥਾਨ ਲਈ ਰਿਸ਼ਭ ਪੰਤ ਅਤੇ ਧਰੁਵ ਜੁਰੇਲ ਵਿਚਾਲੇ ਮੁਕਾਬਲਾ ਹੈ।
ਸਮਝਿਆ ਜਾਂਦਾ ਹੈ ਕਿ ਜੇਕਰ ਪੰਤ ਨੂੰ ਦੂਜੇ ਵਿਕਟਕੀਪਰ ਦੇ ਰੂਪ ’ਚ ਨਹੀਂ ਚੁਣਿਆ ਜਾਂਦਾ ਹੈ ਤਾਂ ਉਹ ਸ਼੍ਰੀਨਗਰ ’ਚ ਜੰਮੂ-ਕਸ਼ਮੀਰ ਵਿਰੁੱਧ ਈਰਾਨੀ ਕੱਪ ’ਚ ਰੈਸਟ ਅਾਫ ਇੰਡੀਆ ਟੀਮ ਦੀ ਕਪਤਾਨੀ ਕਰੇਗਾ। ਜੇਕਰ ਪੰਤ ਨੂੰ ਭਾਰਤੀ ਟੀਮ ’ਚ ਚੁਣਿਆ ਜਾਂਦਾ ਹੈ ਤਾਂ ਜੁਰੇਲ ਰੈਸਟ ਅਾਫ ਇੰਡੀਆ ਟੀਮ ਦੀ ਕਪਤਾਨੀ ਕਰ ਸਕਦਾ ਹੈ। ਉਸ ਨੇ ਹਾਲ ਹੀ ’ਚ ਸ਼੍ਰੀਲੰਕਾ ’ਚ ਭਾਰਤ-ਏ ਦੀ ਕਪਤਾਨੀ ਕੀਤੀ ਸੀ।
ਰਾਸ਼ਟਰੀ ਚੋਣਕਾਰਾਂ ਲਈ ਵਨ ਡੇ ਟੀਮ ’ਚ ਤੇਜ਼ ਗੇਂਦਬਾਜ਼ੀ ਆਲਰਾਊਂਡਰ ਚੁਣਨਾ ਮੁਸ਼ਕਿਲ ਹੋ ਸਕਦਾ ਹੈ ਜਦੋਂ ਤੱਕ ਕਿ ਹਾਰਦਿਕ ਪੰਡਯਾ ਨੂੰ ਫਿੱਟ ਐਲਾਨ ਨਹੀਂ ਕਰ ਦਿੱਤਾ ਜਾਂਦਾ। ਹਾਰਦਿਕ ਨੂੰ ਭਾਰਤ ਏ ਟੀਮ ’ਚ ਚੁਣਿਆ ਗਿਆ ਹੈ। ਬੀ. ਸੀ. ਸੀ. ਆਈ. ‘ਸੈਂਟਰ ਆਫ ਐਕਸੀਲੈਂਸ’ ਨਾਲ ਜੁੜੇ ਸੂਤਰ ਅਨੁਸਾਰ, ਉਸ ਦੇ 20 ਸਤੰਬਰ ਤੋਂ ਮੁਕਾਬਲੇਬਾਜ਼ੀ ਸਫੈਦ ਗੇਂਦ ਕ੍ਰਿਕਟ ਖੇਡਣ ਲਈ ਫਿੱਟ ਹੋਣ ਦੀ ਉਮੀਦ ਹੈ।
ਸੂਤਰ ਨੇ ਕਿਹਾ, ‘‘ਚੋਣਕਾਰਾਂ ਨੇ ਹਾਰਦਿਕ ਨੂੰ 6 ਅਕਤੂਬਰ ਤੋਂ ਪੁਡੂਚੇਰੀ ’ਚ ਹੋਣ ਵਾਲੇ ਭਾਰਤ-ਏ ਦੇ ਵਨ ਡੇ ਮੈਚਾਂ ਲਈ ਚੁਣਿਆ ਹੈ। ਹਾਲਾਂਕਿ ਵੈਸਟਇੰਡੀਜ਼ ਵਨ ਡੇ 3 ਅਕਤੂਬਰ ਨੂੰ ਖਤਮ ਹੋ ਜਾਣਗੇ। ਇਹ ਦੇਖਣਾ ਰੋਮਾਂਚਕ ਹੋਵੇਗਾ ਕਿ ਹਾਰਦਿਕ ਨੂੰ ਵੈਸਟਇੰਡੀਜ਼ ਵਨ ਡੇ ਲਈ ਚੁਣਿਆ ਜਾਂਦਾ ਹੈ ਜਾਂ ਨਹੀਂ।’’
ਹਾਲਾਂਕਿ ਤੇਜ਼ ਗੇਂਦਬਾਜ਼ੀ ਹਮਲੇ ’ਚ ਸਥਿਤੀ ਸਪੱਸ਼ਟ ਨਜ਼ਰ ਆ ਰਹੀ ਹੈ। ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਣਾ, ਗੁਰਨੂਰ ਬਰਾੜ ਅਤੇ ਪ੍ਰਿੰਸ ਯਾਦਵ ਸਾਰੇ ਫਿੱਟ ਹਨ ਅਤੇ ਚੋਣ ਲਈ ਉਪਲਬਧ ਹਨ। ਸ਼੍ਰੇਅਸ ਅਈਅਰ ਦੀ ਗੈਰ-ਹਾਜ਼ਰੀ ’ਚ ਰਿਤੂਰਾਜ ਗਾਇਕਵਾੜ ਦੇ ਚੁਣੇ ਜਾਣ ਦੀ ਸੰਭਾਵਨਾ ਹੈ।
ਕਈ ਰਿਜ਼ਰਵ ਖਿਡਾਰੀਆਂ ਦੇ ਜ਼ਖ਼ਮੀ ਹੋਣ ਨਾਲ ਵੀ ਚੋਣ ਕਮੇਟੀ ਲਈ ਟੀਮ ਚੁਣਨ ਦੀ ਪ੍ਰਕਿਰਿਆ ਮੁਸ਼ਕਿਲ ਹੋ ਰਹੀ ਹੈ। ਖਾਸ ਕਰਕੇ ਆਲਰਾਊਂਡਰਾਂ ਦੇ ਬਦਲ ਫਿਲਹਾਲ ਸੀਮਤ ਹਨ। ਇਸ ਸਮੇਂ ਜ਼ਖ਼ਮੀ ਖਿਡਾਰੀਆਂ ਦੀ ਸੂਚੀ ’ਚ ਹਰਸ਼ ਦੂਬੇ, ਸੂਰਿਆਂਸ਼ ਸ਼ੇਡਗੇ, ਮੋਹਸਿਨ ਖਾਨ, ਵੈਂਕਟੇਸ਼ ਅਈਅਰ, ਹਰਸ਼ਿਤ ਰਾਣਾ ਅਤੇ ਸ਼ਾਹਬਾਜ਼ ਅਹਿਮਦ ਸ਼ਾਮਲ ਹਨ। ਇਹ ਸਾਰੇ ਸੀਨੀਅਰ ਟੀਮ, ਭਾਰਤ-ਏ ਜਾਂ ਈਰਾਨੀ ਕੱਪ ’ਚ ਚੋਣ ਲਈ ਉਪਲਬਧ ਨਹੀਂ ਹਨ। ਇਹ ਸਾਰੇ ਖਿਡਾਰੀ ਬੈਂਗਲੁਰੂ ਸਥਿਤ ‘ਸੈਂਟਰ ਆਫ ਐਕਸੀਲੈਂਸ’ ’ਚ ‘ਰਿਹੈਬਿਲੀਟੇਸ਼ਨ’ ਚਲਾਉਣਗੇ।
