ਟੀਮ ਇੰਡੀਆ ਨੂੰ ਵੱਡਾ ਝਟਕਾ ! ਧਾਕੜ ਖਿਡਾਰੀ ਦੇ ਲੱਗ ਗਈ ਸੱਟ, ਵਨਡੇ ਤੇ T20i ਸੀਰੀਜ਼ ''ਚੋਂ ਹੋਇਆ ਬਾਹਰ
Saturday, Sep 26, 2026 - 12:23 PM (IST)
ਸਪੋਰਟਸ ਡੈਸਕ- ਲੰਬੇ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਚੱਲ ਰਹੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਉਨ੍ਹਾਂ ਦੀ ਸੱਜੀ ਲੱਤ 'ਤੇ ਤਾਜ਼ਾ ਸੱਟ ਲੱਗਣ ਕਾਰਨ ਉਹ ਘੱਟੋ-ਘੱਟ ਤਿੰਨ ਹਫ਼ਤਿਆਂ ਲਈ ਕ੍ਰਿਕਟ ਤੋਂ ਬਾਹਰ ਹੋ ਗਿਆ ਹੈ। ਇਸ ਸੱਟ ਕਾਰਨ ਉਹ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ T20I ਅਤੇ ODI ਸੀਰੀਜ਼ 'ਚ ਨਹੀਂ ਖੇਡ ਸਕੇਗਾ। ਹਾਰਦਿਕ ਦੀ ਸਪੋਰਟਸ ਸਕੈਨ ਰਿਪੋਰਟ 'ਚ ਸੱਜੀ ਪਿੰਜਣੀ ਦੀ ਸੱਟ ਦਾ ਪਤਾ ਲੱਗਾ ਹੈ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਦੋ ਹਫ਼ਤਿਆਂ ਲਈ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਹੈ।
ਬੀ.ਸੀ.ਸੀ.ਆਈ. (BCCI) ਦੀ ਮੈਡੀਕਲ ਚੀਫ਼ ਡਾ. ਦਿਨਸ਼ਾਅ ਪਾਰਡੀਵਾਲਾ ਜਾਪਾਨ ਤੋਂ ਵਾਪਸੀ ਤੋਂ ਬਾਅਦ ਪੰਡਯਾ ਦਾ ਚੈਕਅੱਪ ਕਰਨਗੇ ਅਤੇ ਅਗਲੇ ਰੀਹੈਬ ਪ੍ਰੋਗਰਾਮ ਦਾ ਫ਼ੈਸਲਾ ਕਰਨਗੇ। ਨਿਊਜ਼ੀਲੈਂਡ ਖ਼ਿਲਾਫ਼ ਟੀ-20 ਸੀਰੀਜ਼ 22 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ, ਜਿਸ ਤੋਂ ਬਾਅਦ ਵਨਡੇ ਸੀਰੀਜ਼ ਖੇਡੀ ਜਾਵੇਗੀ। ਸਮੇਂ ਦੀ ਘਾਟ ਕਾਰਨ ਹਾਰਦਿਕ ਦੇ ਇਸ ਦੌਰੇ ਤੱਕ ਫਿੱਟ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ- ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ ਵੀਡੀਓ
ਇਸ ਤੋਂ ਪਹਿਲਾਂ ਹਾਰਦਿਕ ਦੀ 20 ਸਤੰਬਰ ਤੱਕ ਫਿੱਟ ਹੋਣ ਦੀ ਸੰਭਾਵਨਾ ਸੀ, ਜਿਸ ਦੇ ਮੱਦੇਨਜ਼ਰ ਚੋਣਕਾਰਾਂ ਨੇ ਉਸ ਨੂੰ 6 ਅਕਤੂਬਰ ਤੋਂ ਆਸਟ੍ਰੇਲੀਆ 'ਏ' ਖ਼ਿਲਾਫ਼ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ ਲਈ ਇੰਡੀਆ 'ਏ' ਟੀਮ 'ਚ ਚੁਣਿਆ ਸੀ, ਪਰ ਤਾਜ਼ਾ ਸੱਟ ਕਾਰਨ ਹੁਣ ਇਹ ਇਸ ਸੀਰੀਜ਼ 'ਚੋਂ ਵੀ ਬਾਹਰ ਹੋ ਗਿਆ ਹੈ।
ਫਿਲਹਾਲ 32 ਸਾਲਾ ਪੰਡਯਾ ਆਈ.ਪੀ.ਐੱਲ. ਤੋਂ ਬਾਅਦ ਬੈਂਗਲੁਰੂ 'ਚ ਸੈਂਟਰ ਆਫ਼ ਐਕਸੀਲੈਂਸ ਵਿਖੇ ਟ੍ਰੇਨਿੰਗ ਕਰ ਰਿਹਾ ਹੈ। ਪਿਛਲੇ 4 ਮਹੀਨਿਆਂ 'ਚ ਇਹ ਤੀਜੀ ਵਾਰ ਹੈ ਜਦੋਂ ਪੰਡਯਾ ਨੂੰ ਪ੍ਰੈਕਟਿਸ ਸੈਸ਼ਨ ਦੌਰਾਨ ਸੱਟ ਲੱਗੀ ਹੈ ਤੇ ਉਸ ਨੂੰ ਟੀਮ 'ਚੋਂ ਬਾਹਰ ਹੋਣਾ ਪਿਆ ਹੈ। ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਹੁਣ ਹਾਰਦਿਕ ਨੂੰ ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਲਈ ਜ਼ਿੰਬਾਬਵੇ ਵਨਡੇ ਸੀਰੀਜ਼ ਜਾਂ ਘਰੇਲੂ ਕ੍ਰਿਕਟ 'ਚ ਚੰਗਾ ਪ੍ਰਦਰਸ਼ਨ ਕਰ ਕੇ ਆਪਣੀ ਫਿੱਟਨੈੱਸ ਸਾਬਿਤ ਕਰਨੀ ਪਵੇਗੀ।
ਇਹ ਵੀ ਪੜ੍ਹੋ- ਏਸ਼ੀਅਨ ਗੇਮਜ਼ 'ਚ ਭਾਰਤ ਦੀਆਂ ਧੀਆਂ ਨੇ ਪਾਈ ਧੱਕ ! ਕਬੱਡੀ 'ਚ ਜਿੱਤਿਆ Gold
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
