ਦਿੱਗਜ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਵਲੋਂ ਸੰਨਿਆਸ ਦਾ ਐਲਾਨ
Wednesday, Mar 05, 2025 - 06:09 PM (IST)

ਚੇਨਈ- ਭਾਰਤ ਦੇ ਮਹਾਨ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਚੇਨਈ 'ਚ ਇਸ ਮਹੀਨੇ ਦੇ ਅੰਤ 'ਚ ਡਬਲਯੂਟੀਟੀ ਕੰਟੈਂਡਰ ਟੂਰਨਾਮੈਂਟ ਪੇਸ਼ੇਵਰ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਦਾ ਆਖਰੀ ਟੂਰਨਾਮੈਂਟ ਹੋਵੇਗਾ। ਵਿਸ਼ਵ ਟੇਬਲ ਟੈਨਿਸ (ਡਬਲਯੂਟੀਟੀ) ਟੂਰਨਾਮੈਂਟ 25 ਤੋਂ 30 ਮਾਰਚ ਤਕ ਖੇਡਿਆ ਜਾਵੇਗਾ।
42 ਸਾਲਾ ਸ਼ਰਤ ਕਮਲ ਨੇ ਕਿਹਾ, 'ਮੈਂ ਆਪਣਾ ਪਹਿਲਾ ਕੌਮਾਂਤਰੀ ਟੂਰਨਾਮੈਂਟ ਚੇਨਈ 'ਚ ਖੇਡਿਆ ਸੀ ਤੇ ਆਖਰੀ ਵੀ ਚੇਨਈ 'ਚ ਖੇਡਾਂਗਾ। ਇਹ ਪੇਸ਼ੇਵਰ ਖਿਡਾਰੀ ਦੇ ਤੌਰ 'ਤੇ ਮੇਰਾ ਆਖਰੀ ਟੂਰਨਾਮੈਂਟ ਹੋਵੇਗਾ।' ਸ਼ਰਤ ਨੇ ਰਾਸ਼ਟਰਮੰਡਲ ਖੇਡਾਂ 'ਚ 6 ਸੋਨ ਤਮਗੇ ਜਿੱਤੇ ਜਦਕਿ ਏਸ਼ੀਆਈ ਖੇਡਾਂ 'ਚ ਦੋ ਕਾਂਸੀ ਤਮਗੇ ਆਪਣੇ ਨਾਂ ਕੀਤੇ। ਪਿਛਲੇ ਸਾਲ ਪੈਰਿਸ 'ਚ ਪੰਜਵਾਂ ਤੇ ਆਖਰੀ ਓਲੰਪਿਕ ਖੇਡਣ ਵਾਲੇ ਇਸ ਦਿੱਗਜ ਨੇ ਕਿਹਾ, 'ਮੈਂ ਰਾਸ਼ਟਰਮੰਡਲ ਖੇਡ ਤੇ ਏਸ਼ੀਆਈ ਖੇਡਾਂ 'ਚ ਤਮਗੇ ਜਿੱਤੇ ਹਨ। ਓਲੰਪਿਕ ਤਮਗਾ ਮੈਂ ਨਹੀਂ ਜਿੱਤ ਸਕਿਆ।' ਉਨ੍ਹਾਂ ਕਿਹਾ, 'ਉਮੀਦ ਹੈ ਕਿ ਮੈਂ ਆਉਣ ਵਾਲੀਆਂ ਯੁਵਾ ਪ੍ਰਤਿਭਾਵਾਂ ਦੇ ਜ਼ਰੀਏ ਆਪਣਾ ਸੁਪਨਾ ਪੂਰਾ ਕਰ ਸਕਾਂਗਾ।'