ਵੀਜਾ ਕਾਰਨਾਂ ਕਾਰਨ ਭਾਰਤ ਦਾ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ’ਚ ਹਿੱਸਾ ਲੈਣਾ ਸ਼ੱਕੀ
Wednesday, Jul 23, 2025 - 03:29 PM (IST)

ਨਵੀਂ ਦਿੱਲੀ– ਭਾਰਤੀ ਕੈਡੇਟ ਕੁਸ਼ਤੀ ਟੀਮਾਂ ’ਤੇ 28 ਜੁਲਾਈ ਤੋਂ ਏਥਨਜ਼ ਵਿਚ ਸ਼ੁਰੂ ਹੋਣ ਵਾਲੀ ਵੱਕਾਰੀ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਵਿਚੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ ਕਿਉਂਕਿ 47 ਮੈਂਬਰੀ ਦਲ ਨੂੰ ਸ਼ਨੀਵਾਰ ਨੂੰ ਰਵਾਨਾ ਹੋਣਾ ਹੈ ਪਰ ਯੂਨਾਨ ਦੀ ਅੰਬੈਸੀ ਨੇ ਅਜੇ ਤੱਕ ਉਨ੍ਹਾਂ ਦੇ ਵੀਜ਼ਾ ਅਪੀਲ ਦਾ ਜਵਾਬ ਨਹੀਂ ਦਿੱਤਾ ਹੈ ਪਰ 12 ਦਿਨ ਬੀਤ ਚੁੱਕੇ ਹਨ ਤੇ ਅੰਬੈਸੀ ਤੋਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।
ਜਦੋਂ ਉਨ੍ਹਾਂ ਦੀ ਅਪੀਲ ਦੇ ਛੇ ਦਿਨ ਬਾਅਦ ਵੀ ਕੋਈ ਜਵਾਬ ਨਹੀਂ ਆਇਆ ਤਾਂ ਡਬਲਯੂ. ਐੱਫ. ਆਈ. ਨੇ 16 ਜੁਲਾਈ ਨੂੰ ਵਿਦੇਸ਼ ਮੰਤਰਾਲਾ ਨੂੰ ਪੱਤਰ ਲਿਖ ਕੇ ਦਖਲ ਦੀ ਮੰਗ ਕੀਤੀ। ਭਾਰਤ ਦੇ 47 ਮੈਂਬਰੀ ਦਲ ਵਿਚ 30 ਪਹਿਲਵਾਨ ਸ਼ਾਮਲ ਹੈ। ਇਨ੍ਹਾਂ ਖਿਡਾਰੀਆਂ ਨੇ 7 ਤੇ 8 ਜੁਲਾਈ ਨੂੰ ਕ੍ਰਮਵਾਰ ਦਿੱਲੀ ਤੇ ਲਖਨਊ ਵਿਚ ਆਯੋਜਿਤ ਕੀਤੇ ਗਏ ਚੋਣ ਟ੍ਰਾਇਲ ਰਾਹੀਂ ਰਾਸ਼ਟਰੀ ਟੀਮ ਵਿਚ ਜਗ੍ਹਾ ਬਣਾਈ ਹੈ।