ਕੋਪਾ ਅਮਰੀਕਾ ਦੇ ਕੁਆਰਟਰ ਫਾਈਨਲ ''ਚ ਵੈਨੇਜ਼ੁਏਲਾ
Thursday, Jun 27, 2024 - 04:48 PM (IST)

ਇੰਗਲਵੁੱਡ (ਅਮਰੀਕਾ)- ਵੈਨੇਜ਼ੁਏਲਾ ਨੇ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਮੈਕਸੀਕੋ ਨੂੰ 1-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਥਾਂ ਸੁਰੱਖਿਅਤ ਕੀਤੀ ਹੈ। ਮੈਚ ਦਾ ਇਕਮਾਤਰ ਗੋਲ ਸਾਲੋਮੋਨ ਰੌਂਡਨ ਨੇ 57ਵੇਂ ਮਿੰਟ ਵਿੱਚ ਪੈਨਲਟੀ ਕਿੱਕ ’ਤੇ ਕੀਤਾ। ਇਸ ਹਾਰ ਨਾਲ ਮੈਕਸੀਕੋ ਦਾ ਪਹਿਲੇ ਦੌਰ ਤੋਂ ਬਾਹਰ ਹੋਣ ਦਾ ਖਤਰਾ ਹੈ।
ਵੈਨੇਜ਼ੁਏਲਾ ਨੇ ਆਪਣੇ ਪਹਿਲੇ ਮੈਚ 'ਚ ਇਕਵਾਡੋਰ ਨੂੰ 2-1 ਨਾਲ ਹਰਾਇਆ ਅਤੇ ਗਰੁੱਪ ਬੀ 'ਚ ਚੋਟੀ ਦੀਆਂ ਦੋ ਟੀਮਾਂ 'ਚ ਜਗ੍ਹਾ ਬਣਾਉਣਾ ਤੈਅ ਹੈ। ਉਹ ਐਤਵਾਰ ਨੂੰ ਜਮੈਕਾ ਖਿਲਾਫ ਆਪਣਾ ਆਖਰੀ ਮੈਚ ਖੇਡੇਗਾ। ਜਮੈਕਾ ਦੀ ਟੀਮ ਪਹਿਲਾਂ ਹੀ ਨਾਕਆਊਟ ਗੇੜ ਦੀ ਦੌੜ ਤੋਂ ਬਾਹਰ ਹੋ ਚੁੱਕੀ ਹੈ। ਮੈਕਸੀਕੋ ਨੇ ਜਮੈਕਾ 'ਤੇ 1-0 ਦੀ ਜਿੱਤ ਨਾਲ ਸ਼ੁਰੂਆਤ ਕੀਤੀ ਸੀ। ਉਸ ਦੇ ਵੀ ਇਕਵਾਡੋਰ ਦੇ ਬਰਾਬਰ ਤਿੰਨ ਅੰਕ ਹਨ।
ਬੁੱਧਵਾਰ ਨੂੰ ਖੇਡੇ ਗਏ ਇਕ ਹੋਰ ਮੈਚ 'ਚ ਇਕਵਾਡੋਰ ਨੇ ਜਮੈਕਾ ਨੂੰ 3-1 ਨਾਲ ਹਰਾਇਆ ਸੀ। ਮੈਕਸੀਕੋ ਐਤਵਾਰ ਨੂੰ ਇਕਵਾਡੋਰ ਦੇ ਖਿਲਾਫ ਆਪਣਾ ਆਖਰੀ ਮੈਚ ਖੇਡੇਗਾ ਅਤੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਉਣ ਲਈ ਉਸ ਨੂੰ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ।