ਰੂਸੀ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਦੇਵੇਗਾ ਅਮਰੀਕੀ ਓਪਨ
Wednesday, Jun 15, 2022 - 12:11 PM (IST)
ਨਿਊਯਾਰਕ (ਏਜੰਸੀ)- ਅਮਰੀਕੀ ਓਪਨ ਰੂਸ ਅਤੇ ਬੇਲਾਰੂਸ ਦੇ ਟੈਨਿਸ ਖਿਡਾਰੀਆਂ ਨੂੰ ਇਸ ਸਾਲ ਹਿੱਸਾ ਲੈਣ ਦੀ ਇਜਾਜ਼ਤ ਦੇਵੇਗਾ, ਜਦੋਂਕਿ ਯੂਕ੍ਰੇਨ ਵਿਚ ਯੁੱਧ ਜਾਰੀ ਹੈ, ਜਿਸ ਕਾਰਨ ਵਿੰਬਲਡਨ ਨੇ ਇਨ੍ਹਾਂ ਦੇਸ਼ਾਂ ਦੇ ਖਿਡਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਸੀ।
ਯੂ.ਐੱਸ. ਟੈਨਿਸ ਐਸੋਸੀਏਸ਼ਨ (ਯੂ.ਐੱਸ.ਟੀ.ਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਕਾਰਜਕਾਰੀ ਨਿਰਦੇਸ਼ਕ ਲਿਊ ਸ਼ੇਰ ਨੇ ਮੰਗਲਵਾਰ ਨੂੰ ਐਸੋਸੀਏਟਡ ਪ੍ਰੈਸ ਨਾਲ ਇੰਟਰਵਿਊ ਵਿਚ ਕਿਹਾ ਕਿ ਯੂ.ਐੱਸ.ਟੀ.ਏ. ਬੋਰਡ ਨੇ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਟੂਰਨਾਮੈਂਟ ਵਿਚ ਪ੍ਰਵੇਸ਼ ਦੇਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਵਿਅਕਤੀਗਤ ਖਿਡਾਰੀਆਂ ਨੂੰ ਉਨ੍ਹਾਂ ਦੀਆਂ ਸਰਕਾਰਾਂ ਦੇ ਕੰਮਾਂ ਅਤੇ ਫ਼ੈਸਲਿਆਂ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਸ਼ੇਰ ਨੇ ਕਿਹਾ ਕਿ ਰੂਸ ਅਤੇ ਬੇਲਾਰੂਸ ਦੇ ਖਿਡਾਰੀ ਨਿਰਪੱਖ ਝੰਡੇ ਹੇਠ (ਦੁਨੀਆ ਭਰ ਵਿਚ ਵੱਖ-ਵੱਖ ਟੈਨਿਸ ਟੂਰਨਾਮੈਂਟ ਵਿਚ ਇਸੇ ਇੰਤਜਾਮ ਦਾ ਇਸਤੇਮਾਲ ਕੀਤਾ ਜਾਂਦਾ ਰਿਹਾ ਹੈ, ਜਿਸ ਵਿਚ 5 ਜੂਨ ਨੂੰ ਸਮਾਪਤ ਹੋਇਆ ਫਰੈਂਚ ਓਪਨ ਵੀ ਸ਼ਾਮਲ ਸੀ) ਫਲਸ਼ਿੰਗ ਮਿਡੋਜ ਵਿਚ ਖੇਡਣਗੇ। ਅਮਰੀਕੀ ਓਪਨ ਨਿਊਯਾਰਕ ਵਿਚ 29 ਅਗਸਤ ਤੋਂ ਸ਼ੁਰੂ ਹੋਵੇਗਾ।