US Open Final : ਕਾਰਲੋਸ ਅਲਕਾਰਾਜ਼ ਤੇ ਕੈਸਪਰ ਰੂਡ ਹੋਣਗੇ ਆਹਮੋ-ਸਾਹਮਣੇ

Sunday, Sep 11, 2022 - 03:06 PM (IST)

US Open Final : ਕਾਰਲੋਸ ਅਲਕਾਰਾਜ਼ ਤੇ ਕੈਸਪਰ ਰੂਡ ਹੋਣਗੇ ਆਹਮੋ-ਸਾਹਮਣੇ

ਸਪੋਰਟਸ ਡੈਸਕ : ਸਪੇਨ ਦੇ ਕਾਰਲੋਸ ਅਲਕਰਾਜ਼ ਨੇ ਪੰਜ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ ਵਿਚ ਅਮਰੀਕਾ ਦੇ ਫਰਾਂਸਿਸ ਟਿਆਫੋ ਨੂੰ ਹਰਾ ਕੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ. ਐੱਸ. ਓਪਨ ਦੇ ਪੁਰਸ਼ ਸਿੰਗਲਜ਼ ਵਰਗ ਦੇ ਫਾਈਨਲ ਵਿਚ ਜਗ੍ਹਾ ਬਣਾਈ। ਖ਼ਿਤਾਬੀ ਮੁਕਾਬਲੇ ਵਿਚ ਉਨ੍ਹਾਂ ਦਾ ਸਾਹਮਣਾ ਨਾਰਵੇ ਦੇ ਕੈਸਪਰ ਰੂਡ ਨਾਲ ਹੋਵੇਗਾ। ਟਿਆਫੋ ਨੇ ਕਈ ਸਹਿਜ ਗ਼ਲਤੀਆਂ ਕੀਤੀਆਂ ਜਿਸ ਦਾ ਤੀਜਾ ਦਰਜਾ ਹਾਸਲ ਅਲਕਰਾਜ ਨੇ ਪੂਰਾ ਫ਼ਾਇਦਾ ਉਠਾਇਆ ਤੇ ਫਲਸ਼ਿੰਗ ਮੀਡੋਜ਼ ਵਿਚ 6-7 (6), 6-3, 6-1, 6-7 (5), 6-3 ਨਾਲ ਜਿੱਤ ਦਰਜ ਕਰ ਕੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। 

ਇਸ ਜਿੱਤ ਨਾਲ ਅਲਕਰਾਜ਼ 19 ਸਾਲ ਦੀ ਉਮਰ ਵਿਚ ਦੁਨੀਆ ਦੇ ਨੰਬਰ ਇਕ ਖਿਡਾਰੀ ਬਣਨ ਦੇ ਰਾਹ 'ਤੇ ਹਨ ਪਰ ਇਸ ਲਈ ਉਨ੍ਹਾਂ ਨੂੰ ਰੂਡ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ ਜੋ ਆਪ ਖ਼ਿਤਾਬ ਜਿੱਤਣ 'ਤੇ ਵਿਸ਼ਵ ਰੈਂਕਿੰਗ ਵਿਚ ਸਿਖਰ 'ਤੇ ਪੁੱਜ ਜਾਣਗੇ। ਜੇ ਅਲਕਰਾਜ ਖ਼ਿਤਾਬੀ ਮੁਕਾਬਲੇ ਵਿਚ ਰੂਡ ਨੂੰ ਹਰਾਉਣ ਵਿਚ ਕਾਮਯਾਬ ਰਹੇ ਤਾਂ ਉਹ ਨੰਬਰ ਇਕ ਬਣਨ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਜਾਣਗੇ। ਆਸਟ੍ਰੇਲੀਆ ਦੇ ਲਿਟੋਨ ਹੈਵਿਟ 20 ਸਾਲ ਦੀ ਉਮਰ ਵਿਚ 2001 ਵਿਚ ਰੈਂਕਿੰਗ ਵਿਚ ਸਿਖਰ 'ਤੇ ਪੁੱਜੇ ਸਨ। 

ਅਲਕਰਾਜ ਨੂੰ ਕੁਆਰਟਰ ਫਾਈਨਲ ਵਿਚ ਵੀ ਪੰਜ ਸੈੱਟ ਤਕ ਜੂਝਣਾ ਪਿਆ ਸੀ ਪਰ ਉਨ੍ਹਾਂ ਵਿਚ ਥਕਾਵਟ ਦੇ ਕੋਈ ਲੱਛਣ ਨਹੀਂ ਸਨ। ਉਨ੍ਹਾਂ ਨੇ ਟਿਆਫੋ ਖ਼ਿਲਾਫ਼ ਮਹੱਤਵਪੂਰਨ ਮੌਕਿਆਂ 'ਤੇ ਅੰਕ ਹਾਸਲ ਕੀਤੇ ਤੇ ਅਮਰੀਕੀ ਦਰਸ਼ਕਾਂ ਨੂੰ ਨਿਰਾਸ਼ ਕੀਤਾ। ਇਸ ਤੋਂ ਪਹਿਲਾਂ, ਅਲਕਰਾਜ ਨੇ ਸੰਘਰਸ਼ਪੂਰਨ ਸ਼ੁਰੂਆਤ ਕੀਤੀ ਤੇ ਪਹਿਲੇ ਸੈੱਟ ਦੇ ਟਾਈਬ੍ਰੇਕਰ ਵਿਚ ਦੋ ਵਾਰ ਡਬਲ ਫਾਲਟ ਕੀਤੇ ਜਿਸ ਨਾਲ ਟਿਆਫੋ ਨੇ ਬੜ੍ਹਤ ਬਣਾਈ। ਅਲਕਰਾਜ ਨੇ ਹਾਲਾਂਕਿ ਆਸਾਨੀ ਨਾਲ ਦੂਜਾ ਸੈੱਟ ਆਪਣੇ ਨਾਂ ਕੀਤਾ ਫਿਰ ਤੀਜਾ ਸੈੱਟ ਇਕਤਰਫਾ ਅੰਦਾਜ਼ ਵਿਚ ਜਿੱਤਿਆ। ਚੌਥੇ ਸੈੱਟ ਵਿਚ ਟਿਆਫੋ ਨੇ ਵਾਪਸੀ ਕੀਤੀ ਤੇ ਟਾਈਬ੍ਰੇਕਰ ਵਿਚ ਇਸ ਨੂੰ ਜਿੱਤ ਕੇ ਮੈਚ ਨੂੰ ਫ਼ੈਸਲਾਕੁਨ ਸੈੱਟ ਤਕ ਲੈ ਗਏ। ਪੰਜਵੇਂ ਸੈੱਟ ਵਿਚ ਅਲਕਰਾਜ ਵੱਖ ਹੀ ਅੰਦਾਜ਼ ਵਿਚ ਦਿਖਾਈ ਦਿੱਤੇ। ਉਨ੍ਹਾਂ ਨੇ ਪਹਿਲੀ ਗੇਮ ਜਿੱਤੀ ਤੇ ਫਿਰ ਪਿੱਛੇ ਮੁੜ ਕੇ ਨਾ ਦੇਖਦੇ ਹੋਏ ਖ਼ਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕੀਤਾ।


author

Tarsem Singh

Content Editor

Related News