ਅੰਪਾਇਰ ਮਾਈਕਲ ਗੋਫ਼ ਨੂੰ T-20 WC ਤੋਂ ਹਟਾਇਆ ਗਿਆ, ਇਸ ਨਿਯਮ ਦੀ ਕੀਤੀ ਸੀ ਉਲੰਘਣਾ

Thursday, Nov 04, 2021 - 02:35 PM (IST)

ਅੰਪਾਇਰ ਮਾਈਕਲ ਗੋਫ਼ ਨੂੰ T-20 WC ਤੋਂ ਹਟਾਇਆ ਗਿਆ, ਇਸ ਨਿਯਮ ਦੀ ਕੀਤੀ ਸੀ ਉਲੰਘਣਾ

ਦੁਬਈ- ਇੰਗਲੈਂਡ ਦੇ ਅੰਪਾਇਰ ਮਾਈਕਲ ਗੌਫ਼ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਮੌਜੂਦਾ ਟੀ-20 ਵਿਸ਼ਵ ਕੱਪ ਤੋਂ ਹਟਾ ਦਿੱਤਾ ਕਿਉਂਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਟੂਰਨਾਮੈਂਟ ਦੇ ਜੈਵਿਕ ਤੌਰ 'ਤ ਸੁਰੱਖਿਅਤ ਮਾਹੌਲ (ਬਾਇਓ ਬਬਲ) ਦੀ ਉਲੰਘਣਾ ਕੀਤੀ ਸੀ। ਪਿਛਲੇ ਹਫ਼ਤੇ ਸ਼ੁੱਕਰਵਾਰ ਨੂੰ ਇਹ 41 ਸਾਲਾ ਅੰਪਾਇਰ ਬਿਨਾ ਮਨਜ਼ੂਰੀ ਦੇ ਹੋਟਲ ਤੋਂ ਬਾਹਰ ਨਿਕਲਿਆ ਤੇ ਟੂਰਨਾਮੈਂਟ ਦੇ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਤੋਂ ਬਾਹਰ ਦੇ ਵਿਅਕਤੀਆਂ ਨੂੰ ਮਿਲਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ 6 ਦਿਨਾਂ ਦੇ ਇਕਾਂਤਵਾਸ 'ਤੇ ਰੱਖਿਆ ਗਿਆ।

ਆਈ. ਸੀ. ਸੀ. ਨੇ ਬਿਆਨ 'ਚ ਕਿਹਾ ਕਿ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਦੇ ਨਿਯਮਾਂ ਦੀ ਉਲੰਘਣਾ ਦੇ ਬਾਅਦ ਅੰਪਾਇਰ ਮਾਈਕਲ ਗੌਫ਼ ਨੂੰ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਦੇ ਬਾਕੀ ਬਚੇ ਮੈਚਾਂ ਦੇ ਦੌਰਾਨ ਨਿਯੁਕਤ ਨਹੀਂ ਕੀਤਾ ਜਾਵੇਗਾ। ਗੌਫ਼ ਨੂੰ ਪਿਛਲੇ ਹਫ਼ਤੇ ਐਤਵਾਰ ਨੂੰ ਦੁਬਈ 'ਚ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਮੈਚ 'ਚ ਅਧਿਕਾਰੀ ਦੀ ਭੂਮਿਕਾ ਨਿਭਾਉਣੀ ਸੀ ਪਰ ਨਿਯਮਾਂ ਦੀ ਉਲੰਘਣਾ ਕਾਰਨ ਉਨ੍ਹਾਂ ਨੂੰ ਹਟਾ ਦਿੱਤਾ ਗਿਆ ਤੇ ਉਨ੍ਹਾਂ ਦੀ ਜਗ੍ਹਾ ਦੱਖਣੀ ਅਫਰੀਕਾ ਦੇ ਮਰਾਈਸ ਇਰਾਸਮਸ ਨੇ ਲਈ। ਡਰਹਮ ਦੇ ਸਾਬਕਾ ਬੱਲੇਬਾਜ਼ ਗੌਫ਼ ਨੂੰ ਕੌਮਾਂਤਰੀ ਕ੍ਰਿਕਟ ਦੇ ਸਰਵਸ੍ਰੇਸ਼ਠ ਅੰਪਾਇਰਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਕਾਂਤਵਾਸ ਦੇ ਦੌਰਾਨ ਹਰ ਇਕ ਦਿਨ ਛੱਡ ਕੇ ਉਨ੍ਹਾਂ ਦੀ ਮੈਡੀਕਲ ਜਾਂਚ ਕੀਤੀ ਗਈ।


author

Tarsem Singh

Content Editor

Related News